ਮੱਕਾ ਮਸਜਿਦ ਧਮਾਕਾ: ਸਬੂਤਾਂ ਦੀ ਘਾਟ ਕਾਰਨ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
ਨਵੀਂ ਦਿੱਲੀ, 16 ਅਪ੍ਰੈਲ (ਸ.ਬ.) ਹੈਦਰਾਬਾਦ ਦੀ ਪ੍ਰਸਿੱਧ ਮੱਕਾ ਮਸਜਿਦ ਵਿੱਚ ਹੋਏ ਧਮਾਕੇ ਮਾਮਲੇ ਵਿੱਚ 11 ਸਾਲ ਬਾਅਦ ਅੱਜ ਫੈਸਲਾ ਸੁਣਾਇਆ ਗਿਆ| ਇਸ ਮਾਮਲੇ ਵਿੱਚ ਦੋਸ਼ੀ ਸਵਾਮੀ ਅਸੀਮਾਨੰਦ ਸਮੇਤ ਸਾਰੇ 5 ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ| ਫੈਸਲਾ ਸੁਣਾਉਣ ਲਈ ਦੋਸ਼ੀ ਅਸੀਮਾਨੰਦ ਨੂੰ ਨਮਾਪੱਲੀ ਕੋਰਟ ਵਿੱਚ ਲਿਆਂਦਾ ਗਿਆ ਸੀ| ਇਸ ਮਾਮਲੇ ਵਿੱਚ ਸਵਾਮੀ ਅਸੀਮਾਨੰਦ ਇਸ ਮਾਮਲੇ ਦੇ ਮੁੱਖ ਦੋਸ਼ੀਆਂ ਵਿੱਚੋਂ ਇਕ ਸਨ|
18 ਮਈ 2007 ਨੂੰ ਹੋਏ ਇਸ ਧਮਾਕੇ ਵਿੱਚ 9 ਲੋਕ ਮਾਰੇ ਗਏ ਸਨ, ਜਦੋਂ ਕਿ 58 ਜ਼ਖਮੀ ਹੋ ਗਏ ਸਨ| ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲੀਸ ਫਾਇਰਿੰਗ ਵਿੱਚ ਵੀ ਕੁਝ ਲੋਕ ਮਾਰੇ ਗਏ ਸਨ| ਜ਼ਿਕਰਯੋਗ ਹੈ ਕਿ ਐਨ.ਆਈ.ਏ. ਮਾਮਲਿਆਂ ਦੀ ਮੈਟਰੋਪੋਲਿਟਨ ਸੈਸ਼ਨ ਸਹਿ ਵਿਸ਼ੇਸ਼ ਅਦਾਲਤ ਨੇ ਕੇਸ ਦੀ ਸੁਣਵਾਈ ਪੂਰੀ ਕਰ ਲਈ ਸੀ| ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ 10 ਦੋਸ਼ੀਆਂ ਵਿੱਚੋਂ 8 ਵਿਅਕਤੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਸੀ|
ਇਸ ਵਿੱਚ ਨਬਾਕੁਮਾਰ ਸਰਕਾਰ ਉਰਫ ਸਵਾਮੀ ਅਸੀਮਾਨੰਦ ਦਾ ਨਾਂ ਵੀ ਸ਼ਾਮਲ ਸੀ| ਜਿਨ੍ਹਾਂ 8 ਵਿਅਕਤੀਆਂ ਦੇ ਖਿਲਾਫ ਚਾਰਜਸ਼ੀਟ ਬਣਾਈ ਗਈ ਸੀ, ਉਨ੍ਹਾਂ ਵਿੱਚੋਂ ਸਵਾਮੀ ਅਸੀਮਾਨੰਦ ਅਤੇ ਭਾਰਤ ਮੋਹਨਲਾਲ ਰਤਨੇਸ਼ਵਰ ਉਰਫ ਭਰਤ ਭਾਈ ਜ਼ਮਾਨਤ ਤੇ ਬਾਹਰ ਹਨ ਅਤੇ ਤਿੰਨ ਵਿਅਕਤੀ ਜੇਲ ਵਿੱਚ ਬੰਦ ਹਨ| 2007 ਵਿੱਚ ਹੋਏ ਇਸ ਧਮਾਕੇ ਦੀ ਸ਼ੁਰੂਆਤੀ ਜਾਂਚ ਪੁਲੀਸ ਨੇ ਕੀਤੀ ਸੀ| ਫਿਰ ਇਹ ਕੇਸ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤਾ ਗਿਆ| ਬਾਅਦ ਵਿੱਚ 2011 ਵਿੱਚ ਇਹ ਮਾਮਲਾ ਐਨ.ਆਈ.ਏ. ਨੂੰ ਸੌਂਪਿਆ ਗਿਆ| ਇਸ ਮਾਮਲੇ ਵਿੱਚ ਕੁੱਲ 160 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 54 ਗਵਾਹ ਮੁਕਰ ਚੁਕੇ ਹਨ| ਮਸਜਿਦ ਬਲਾਸਟ ਮਾਮਲੇ ਵਿੱਚ 2 ਹੋਰ ਮੁੱਖ ਦੋਸ਼ੀ ਸੰਦੀਪ ਵੀ. ਡਾਂਗੇ ਅਤੇ ਰਾਮਚੰਦਰ ਕਲਸੰਗਰਾ ਅਜੇ ਵੀ ਫਰਾਰ ਚੱਲ ਰਹੇ ਹਨ|