ਮੱਛਰਾਂ ਦੀ ਵੱਧਦੀ ਫੌਜ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਬਰਸਾਤ ਦਾ ਮੌਸਮ ਚਲ ਰਿਹਾ ਹੈ ਅਤੇ ਇਸਦੇ ਨਾਲ ਹੀ ਪਿਛਲੇ ਕੁੱਝ ਦਿਨਾਂ ਦੌਰਾਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਮੱਛਰਾਂ ਦੀ ਗਿਣਤੀ ਵਿੱਚ ਅਚਾਨਕ ਭਾਰੀ ਵਾਧਾ ਹੋਣ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਮੱਛਰਾਂ ਦਾ ਪ੍ਰਕੋਪ ਵੀ ਕਾਫੀ ਜਿਆਦਾ ਵੱਧ ਗਿਆ ਹੈ| ਅੱਜਕੱਲ ਬਰਸਾਤਾਂ ਦਾ ਮੌਸਮ ਹੋਣ ਕਾਰਨ ਕੀਟ ਪਤੰਗੇ ਵੀ ਕੁੱਝ ਜਿਆਦਾ ਹੀ ਹਨ ਅਤੇ ਦਿਨ ਦਿਨ ਢਲਦਿਆਂ ਹੀ ਹਰ ਪਾਸੇ ਮੱਛਰਾਂ ਅਤੇ ਕੀਟ ਪਤੰਗਿਆਂ ਦੀ ਭਰਮਾਰ ਹੋ ਜਾਂਦੀ ਹੈ| ਹਾਲਾਤ ਇਹ ਹਨ ਕਿ ਜੇਕਰ (ਸ਼ਾਮ ਵੇਲੇ) ਗਲਤੀ ਨਾਲ ਕੁੱਝ ਦੇਰ ਵਾਸਤੇ ਕੋਈ ਦਰਵਾਜਾ ਖੁੱਲਾ ਰਹਿ ਜਾਵੇ ਤਾਂ ਮੱਛਰਾਂ ਦੀ ਇਹ ਫੌਜ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਕੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ|
ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਸ਼ਹਿਰ ਵਿੱਚ ਖਾਲੀ ਥਾਂਵਾਂ ਤੇ ਪਾਣੀ ਖੜ੍ਹਣ ਅਤੇ ਅਜਿਹੀਆਂ ਥਾਵਾਂ ਤੇ ਜੰਗਲ ਬੂਟੀ ਦੀ ਭਰਮਾਰ ਹੋਣ ਕਾਰਨ ਇਹਨਾਂ ਮੱਛਰਾਂ ਦੀ ਫੌਜ ਥਾਂ ਥਾਂ ਪਲ ਰਹੀ ਹੈ| ਉਂਝ ਵੀ ਹਰ ਸਾਲ ਹੀ ਬਰਸਾਤਾਂ ਦੇ ਦੌਰਾਨ ਥਾਂ ਥਾਂ ਤੇ ਖੜ੍ਹੇ ਹੋਣ ਵਾਲੇ ਪਾਣੀ ਅਤੇ ਜੰਗਲਬੂਟੀ ਦੀ ਭਰਮਾਰ ਹੋਣ ਕਾਰਨ ਸ਼ਹਿਰ ਵਿੱਚ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਅਤੇ ਇਸਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ| ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਪਲਣ ਵਾਲੀ ਮੱਛਰਾਂ ਦੀ ਇਹ ਫੌਜ ਆਪਣੇ ਨਾਲ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਪ੍ਰਕੋਪ ਵੀ ਲੈ ਕੇ ਆਉਂਦੀ ਹੈ ਅਤੇ ਮੱਛਰਾਂ ਦੀ ਲਗਾਤਾਰ ਵੱਧਦੀ ਸਮੱਸਿਆ ਦੇ ਕਾਰਨ ਇਹਨਾਂ ਬਿਮਾਰੀਆਂ ਦੇ ਮਰੀਜਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ|
ਇਹ ਬਿਮਾਰੀਆਂ ਪਿਛਲੇ ਸਾਲ ਵੀ ਆਪਣਾ ਪ੍ਰਕੋਪ ਵਿਖਾ ਚੁੱਕੀਆਂ ਹਨ ਅਤੇ ਹਰ ਸਾਲ ਹੀ ਸਿਹਤ ਵਿਭਾਗ ਵਲੋਂ ਇਸ ਸੰਬੰਧੀ ਬਾਕਾਇਦਾ ਅਲਰਟ ਵੀ ਜਾਰੀ ਕੀਤਾ ਜਾਂਦਾ ਹੈ| ਇਸ ਵਾਰ ਵੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਕੂਲਰਾਂ ਅਤੇ ਹੋਰਨਾਂ ਥਾਂਵਾਂ ਤੇ ਖੜ੍ਹਦੇ ਪਾਣੀ ਦੀ ਜਾਂਚ ਕਰਕੇ ਡੇਂਗੂ ਦੀ ਬਿਮਾਰੀ ਦੇ ਖਤਰੇ ਤੋਂ ਜਾਗਰੂਕ ਕੀਤਾ ਗਿਆ ਸੀ ਅਤੇ ਇਸ ਦੌਰਾਨ ਕੁੱਝ ਥਾਵਾਂ ਤੇ ਡੇਂਗੂ ਦੀ ਬਿਮਾਰੀ ਲਈ ਜਿੰਮੇਵਾਰ ਮੱਛਰਾਂ ਦਾ ਲਾਰਵਾ ਵੀ ਮਿਲ ਚੁੱਕਿਆ ਹੈ|
ਪਿਛਲੇ ਦਿਨਾਂ ਦੌਰਾਨ ਜਿਸ ਤਰੀਕੇ ਨਾਲ ਮੱਛਰਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ ਉਸਨੂੰ ਮੁੱਖ ਰੱਖਦਿਆਂ ਨਗਰ ਨਿਗਮ ਵਲੋਂ ਇਸਤੇ ਕਾਬੂ ਕਰਨ ਲਈ ਅਜਿਹੀਆਂ ਥਾਵਾਂ (ਜਿੱਥੇ ਮੱਛਰਾਂ ਦੀ ਇਹ ਫੌਜ ਪਲਦੀ ਹੈ) ਦੀ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਕਰਨ ਦੇ ਨਾਲ ਨਾਲ ਸ਼ਹਿਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੇ ਲਗਾਤਾਰ ਛਿੜਕਾਅ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ ਪਰੰਤੂ ਨਗਰ ਨਿਗਮ ਵਲੋਂ (ਘੱਟੋ ਘੱਟ ਹੁਣ ਤਕ ਤਾਂ) ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਵਾਲੀ ਗੱਡੀ ਕਿਤੇ ਨਜਰ ਨਹੀਂ ਆਉਂਦੀ ਜਿਸ ਕਾਰਨ ਇਹਨਾਂ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ|
ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਪ੍ਰਕੋਪ ਨਾ ਫੈਲੇ ਇਸ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਧਦੀ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਆਰੰਭ ਕੀਤੀ ਜਾਵੇ| ਇਸ ਸੰਬੰਧੀ ਜਿੱਥੇ ਸ਼ਹਿਰ ਵਿੱਚ ਖਾਲੀ ਥਾਵਾਂ ਅਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਦੀ ਰਫਤਾਰ ਵਧਾਈ ਜਾਣੀ ਚਾਹੀਦੀ ਹੈ ਅਤੇ ਸ਼ਹਿਰ ਵਿੱਚ ਸਫਾਈ ਦੇ ਪ੍ਰਬੰਧਾਂ ਵਿੱਚ ਲੋੜੀਂਦਾ ਸੁਧਾਰ ਕਰਨਾ ਚਾਹੀਦਾ ਹੈ| ਇਸਦੇ ਨਾਲ ਨਾਲ ਸ਼ਹਿਰ ਵਿੱਚ ਥਾਂ ਥਾਂ ਤੇ ਖੜ੍ਹੀ ਜੰਗਲ ਬੂਟੀ (ਜਿਹੜੀ ਇਸ ਵੇਲੇ ਵੱਡੀਆਂ ਝਾੜੀਆਂ ਦਾ ਰੂਪ ਧਾਰਨ ਕਰ ਚੁੱਕੀ ਹੈ) ਦੀ ਕਟਾਈ ਦਾ ਪ੍ਰਬੰਧ ਕੀਤਾ ਜਾਣਾ ਜਰੂਰੀ ਹੈ| ਇਸਦੇ ਨਾਲ ਨਾਲ ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਪਿੰਡਾਂ (ਜਿੱਥੇ ਪਾਣੀ ਖੜ੍ਹਾ ਰਹਿਣ ਅਤੇ ਸਾਫ ਸਫਾਈ ਦੀ ਸਮੱਸਿਆ ਸਭ ਤੋਂ ਜਿਆਦਾ ਹੈ) ਵਿੱਚ ਮੱਛਰਾਂ ਦੀ ਲਗਾਤਾਰ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਕਰਨ ਦੇ ਨਾਲ ਨਾਲ ਆਮ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਕਿਸੇ ਥਾਂ ਤੇ ਪਾਣੀ ਖੜ੍ਹਾ ਨਾ ਹੋਣ ਦੇਣ|
ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਤੇ ਕਾਬੂ ਕਰਨ ਲਈ ਇਹਨਾਂ ਬਿਮਾਰੀਆਂ ਵਾਸਤੇ ਜਿੰਮੇਵਾਰ ਮੱਛਰਾਂ ਦਾ ਖਾਤਮਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਇਸਤੋਂ ਪਹਿਲਾਂ ਕਿ ਇਹ ਬਿਮਾਰੀਆਂ ਸ਼ਹਿਰ ਵਾਸੀਆਂ ਤੇ ਆਪਣਾ ਪ੍ਰਕੋਪ ਬਰਪਾ ਕਰਨ ਇਸ ਸੰਬੰਧੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰਵਾਸੀਆਂ ਨੂੰ ਮੱਛਰਾਂ ਦੇ ਇਸ ਪ੍ਰਕੋਪ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *