ਮੱਛਲੀ ਕਲਾਂ ਨੇ ਲਾਭਪਾਤਰੀ ਮਹਿਲਾ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਮਨਜ਼ੂਰੀ ਪੱਤਰ ਸੌਂਪਿਆ

ਮੱਛਲੀ ਕਲਾਂ ਨੇ ਲਾਭਪਾਤਰੀ ਮਹਿਲਾ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਮਨਜ਼ੂਰੀ ਪੱਤਰ ਸੌਂਪਿਆ
ਪਿੰਡ ਧੜਾਕ ਕਲਾਂ ਦੇ ਮਲਕੀਤ ਸਿੰਘ ਦੀ ਰੇਹੜੇ ਤੋਂ ਡਿੱਗ ਕੇ ਹੋ ਗਈ ਸੀ ਮੌਤ
ਖਰੜ, 25 ਅਗਸਤ  (ਸ.ਬ.) ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅਪਣੇ ਦਫ਼ਤਰ ਵਿਖੇ ਸਥਾਨਕ ਪਿੰਡ ਧੜਾਕ ਕਲਾਂ ਦੀ ਵਸਨੀਕ ਚਰਨਜੀਤ ਕੌਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਮਨਜ਼ੂਰੀ ਪੱਤਰ ਸੌਂਪਿਆ| ਜ਼ਿਕਰਯੋਗ ਹੈ ਕਿ ਚਰਨਜੀਤ ਕੌਰ ਦਾ ਪਤੀ ਮਲਕੀਤ ਸਿੰਘ ਕੁਝ ਸਮਾਂ ਪਹਿਲਾਂ ਰੇਹੜੇ ਤੋਂ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ| 
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਸਬੰਧਤ ਔਰਤ ਨੇ ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਵਿਚ ਵਿੱਤੀ ਸਹਾਇਤਾ ਲਈ ਅਰਜ਼ੀ ਦਿਤੀ ਸੀ ਜਿਸ ਤੇ ਕਾਰਵਾਈ ਕਰਦਿਆਂ ਦੋ ਲੱਖ ਰੁਪਏ ਦੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ| ਉਹਨਾਂ ਦਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਬਣਾਈ ਗਈ ਲੋਕ ਭਲਾਈ ਯੋਜਨਾ ਤਹਿਤ           ਖੇਤਾਂ ਅਤੇ ਮੰਡੀਆਂ ਵਿਚ ਕੰਮ ਕਰਦੇ ਸਮੇਂ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਾਰਨ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ| ਇਸ ਯੋਜਨਾ ਤਹਿਤ ਮੌਤ ਹੋ ਜਾਣ ਤੇ 2 ਲੱਖ ਰੁਪਏ, ਇਕ ਅੰਗੇ ਕੱਟੇ ਜਾਣ ਜਾਂ ਇਕ ਅੰਗ ਨਕਾਰਾ ਹੋਣ ਤੇ 50 ਹਜ਼ਾਰ ਰੁਪਏ, ਦੋ ਅੰਗ ਕੱਟੇ ਜਾਣ ਜਾਂ ਦੋ ਅੰਗ ਨਕਾਰਾ ਹੋਣ ਤੇ 75 ਹਜ਼ਾਰ ਰੁਪਏ ਆਦਿ ਦਿਤੇ ਜਾਂਦੇ ਹਨ| 
ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਲਿਆਂਦੀ ਗਈ ਯੋਜਨਾ ਤਹਿਤ ਖੇਤਾਂ/ਮੰਡੀਆਂ ਵਿਚ ਕੰਮ ਕਰਦੇ ਕਿਸਾਨਾਂ ਜਾਂ ਮਜ਼ਦੂਰਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੇ ਕੇਸਾਂ ਵਿਚ ਮੁਢਲੀ ਸੂਚਨਾ ਨਿਰਧਾਰਤ ਪਰਫ਼ਾਰਮੇ ਵਿਚ ਭਰ ਕੇ ਇਕ ਸਾਲ ਅੰਦਰ ਬਿਨੈਕਾਰ ਵਲੋਂ ਸਬੰਧਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ          ਦੇਣੀ ਹੁੰਦੀ ਹੈ| ਉਨ੍ਹਾਂ ਮੌਕੇ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਾਦਸਾਗ੍ਰਸਤ ਵਿਅਕਤੀਆਂ ਨਾਲ ਸਬੰਧਤ ਅਰਜ਼ੀਆਂ ਤੇ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਕੇਸਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ ਤਾਕਿ ਲਾਭਪਾਤਰੀਆਂ ਨੂੰ            ਸਮੇਂ ਸਿਰ ਵਿੱਤੀ ਸਹਾਇਤਾ ਮਿਲ ਸਕੇ| ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਜਾਣਕਾਰੀ ਦੀ ਘਾਟ ਕਾਰਨ ਸਰਕਾਰ ਦੁਆਰਾ ਚਲਾਈਆਂ ਗਈਆਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਇਸ ਲਈ ਲੋਕਾਂ ਨੂੰ ਵੱਖ-ਵੱਖ ਸਾਧਨਾਂ ਜ਼ਰੀਏ ਅਜਿਹੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੀ ਹੋਰ ਜ਼ਿਆਦਾ ਲੋੜ ਹੈ| 
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੀ ਸਕੱਤਰ ਅਰਚਨਾ ਬਾਂਸਲ, ਪਿੰਡ ਧੜਾਕ ਕਲਾਂ ਦੇ ਸਰਪੰਚ ਸਤਨਾਮ ਸਿੰਘ, ਮਾਰਕੀਟ ਕਮੇਟੀ ਦੇ ਮੈਂਬਰ ਸੰਜੀਵ ਕੁਮਾਰ ਰੂਬੀ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਲੇਖਾਕਾਰ ਚਰਨਜੀਤ ਸਿੰਘ ਆਦਿ ਮੌਜੂਦ ਸਨ|

Leave a Reply

Your email address will not be published. Required fields are marked *