ਮੱਛਲੀ ਕਲਾਂ ਨੇ ਸੁਣੀਆਂ ਮੁਹਾਲੀ ਦੇ ਆੜ੍ਹਤੀਆਂ ਦੀਆਂ ਸਮੱਸਿਆਵਾਂ

ਮੱਛਲੀ ਕਲਾਂ ਨੇ ਸੁਣੀਆਂ ਮੁਹਾਲੀ ਦੇ ਆੜ੍ਹਤੀਆਂ ਦੀਆਂ ਸਮੱਸਿਆਵਾਂ
ਸਬਜ਼ੀ ਆੜ੍ਹਤੀ ਐਸੋਸੀਏਸ਼ਨ ਵਲੋਂ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸਨਮਾਨ
ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸਬਜ਼ੀ ਆੜ੍ਹਤੀ ਐਸੋਸੀਏਸ਼ਨ ਮੁਹਾਲੀ ਦੇ ਅਹੁਦੇਦਾਰਾਂ ਨੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੂੰ ਮਿਲ ਕੇ ਉਨ੍ਹਾਂ ਨੂੰ ਸਬਜ਼ੀ ਮੰਡੀ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂੰ ਕਰਾਇਆ| ਮੀਟਿੰਗ ਦੌਰਾਨ ਆੜ੍ਹਤੀਆਂ ਨੇ ਦਸਿਆ ਕਿ ਇਹ ਸਬਜ਼ੀ ਮੰਡੀ ਪਿਛਲੇ ਦਿਨੀਂ ਫ਼ੇਜ਼ 1 ਤੋਂ 11 ਫ਼ੇਜ਼ ਵਿਚ ਤਬਦੀਲ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਮੰਡੀ ਵਿਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦੀ ਘਾਟ ਹੈ| ਇਸ ਤੋਂ ਇਲਾਵਾ, ਆੜ੍ਹਤੀਆਂ, ਲੇਬਰ ਅਤੇ ਮੰਡੀ ਵਿਚ ਆਉਣ ਵਾਲੇ ਵਪਾਰੀਆਂ ਨੂੰ ਬੈਠਣ ਲਈ ਜਗ੍ਹਾ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ| ਆੜ੍ਹਤੀਆਂ ਨੂੰ ਹਾਲੇ ਤਕ ਪੱਕੀਆਂ ਦੁਕਾਨਾਂ ਵੀ ਅਲਾਟ ਨਹੀਂ ਕੀਤੀਆਂ ਗਈਆਂ| ਉਨ੍ਹਾਂ ਦੱਸਿਆ ਕਿ ਜਗ੍ਹਾ ਦੀ ਘਾਟ ਕਾਰਨ ਮੰਡੀ ਵਿਚ ਆਉਣ ਵਾਲੇ ਵਪਾਰੀਆਂ ਨਾਲ ਕੈਸ਼ ਦੇ ਲੈਣ-ਦੇਣ ਦੀ ਵੀ ਸਮੱਸਿਆ ਆਉਂਦੀ ਹੈ| ਜ਼ਿਕਰਯੋਗ ਹੈ ਕਿ ਮੁਹਾਲੀ ਸਬਜ਼ੀ ਮੰਡੀ ਵੀ ਖਰੜ ਮਾਰਕੀਟ ਕਮੇਟੀ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ|
ਸ੍ਰੀ ਸ਼ਰਮਾ ਦੇ ਮਾਰਕੀਟ ਕਮੇਟੀ ਖਰੜ ਦਾ ਚੇਅਰਮੈਨ ਬਣਨ ਮਗਰੋਂ ਮੁਹਾਲੀ ਦੇ ਆੜ੍ਹਤੀਆਂ ਨਾਲ ਹੋਈ ਉਨ੍ਹਾਂ ਦੀ ਪਹਿਲੀ ਮੁਲਾਕਾਤ ਦੌਰਾਨ ਆੜ੍ਹਤੀਆਂ ਨੇ ਸ੍ਰੀ ਸ਼ਰਮਾ ਦਾ ਫੁੱਲਾਂ ਦੇ ਹਾਰ, ਲੋਈ ਅਤੇ ਸਿਰੋਪਾਉ ਨਾਲ ਸਨਮਾਨ ਕੀਤਾ|
ਆੜ੍ਹਤੀਆਂ ਦੁਆਰਾ ਦੱਸੀਆਂ ਗਈਆਂ ਸਮੱਸਿਆਵਾਂ ਨੂੰ ਗਹੁ ਨਾਲ ਸੁਣਦਿਆਂ ਸ੍ਰੀ ਮੱਛਲੀ ਕਲਾਂ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਵਾਇਆ ਜਾਵੇਗਾ| ਉਨ੍ਹਾਂ ਇਹ ਵੀ ਕਿਹਾ ਕਿ ਮਾਰਕੀਟ ਫ਼ੀਸ ਦੀ ਚੋਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ                   ਜਾਵੇਗੀ ਅਤੇ ਮਾਰਕੀਟ ਫ਼ੀਸ ਸਰਕਾਰੀ ਖ਼ਜ਼ਾਨੇ ਵਿਚ ਵੱਧ ਤੋਂ ਵੱਧ ਜਮ੍ਹਾਂ ਹੋਣੀ ਚਾਹੀਦੀ ਹੈ| 
ਇਸ ਮੌਕੇ ਜਸਵੀਰ ਸਿੰਘ ਪ੍ਰਧਾਨ, ਭਾਗ ਸਿੰਘ ਦੇਸੂਮਾਜਰਾ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਉਜਾਗਰ ਸਿੰਘ,  ਮਾਰਕੀਟ ਕਮੇਟੀ ਖਰੜ ਦੇ ਸਕੱਤਰ ਸ੍ਰੀਮਤੀ ਅਰਚਨਾ ਬਾਂਸਲ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਕੌਰ, ਲੇਖਾਕਾਰ ਚਰਨਜੀਤ ਸਿੰਘ, ਆਕਸ਼ਨ ਰੀਕਾਰਡਰ ਜਤਿੰਦਰ ਰਾਣਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਆੜ੍ਹਤੀ ਮੌਜੂਦ ਸਨ|

Leave a Reply

Your email address will not be published. Required fields are marked *