ਮੱਛਲੀ ਕਲਾਂ ਨੇ ਹੱਲ ਕਰਵਾਇਆ ਲਾਲ ਲਕੀਰ ਅੰਦਰ ਪੈਂਦੇ ਮਕਾਨਾਂ ਦੀ ਤਸਦੀਕ ਦਾ ਮਾਮਲਾ

ਏ.ਡੀ.ਸੀ. ਦੀਆਂ ਹਦਾਇਤਾਂ ਤੇ ਕਮੇਟੀ ਦਾ ਗਠਨ, ਤਿੰਨ ਮਹਿਕਮਿਆਂ ਦੇ ਅਧਿਕਾਰੀ ਮੌਕਾ ਵੇਖ ਕੇ ਦੇਣਗੇ ਸਾਂਝੀ ਰਿਪੋਰਟ
ਐਸ.ਏ.ਐਸ.ਨਗਰ, 10 ਸਤੰਬਰ  (ਸ.ਬ.) ਜ਼ਿਲ੍ਹੇ ਵਿੱਚ ਲਾਲ ਲਕੀਰ ਅੰਦਰ ਪੈਂਦੇ ਮਕਾਨਾਂ ਦੀ ਤਸਦੀਕ ਦਾ ਮਾਮਲਾ ਮਾਰਕੀਟ ਕਮੇਟੀ ਖਰੜ ਦੇ             ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੇ ਯਤਨਾਂ ਸਦਕਾ  ਹੱਲ ਹੋ ਗਿਆ ਹੈ| ਉਹਨਾਂ ਨੇ ਪਿਛਲੇ ਦਿਨੀਂ ਏ.ਡੀ.ਸੀ. ਸ੍ਰੀਮਤੀ ਆਸ਼ਿਕਾ ਜੈਨ ਨੂੰ ਮਿਲ ਕੇ ਲੋਕਾਂ ਦੀ  ਪ੍ਰੇਸ਼ਾਨੀ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਸੀ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਲਾਲ ਲਕੀਰ ਅੰਦਰ ਪੈਂਦੇ ਮਕਾਨਾਂ ਦੀ ਸਬੰਧਤ ਪਟਵਾਰੀਆਂ ਵਲੋਂ ਲੋੜੀਂਦੀ ਤਸਦੀਕ ਨਾ ਕੀਤੇ ਜਾਣ ਕਾਰਨ ਭਾਰੀ ਗਿਣਤੀ ਵਿੱਚ ਲੋਕ ਬਿਜਲੀ ਦੇ ਨਵੇਂ ਕੁਨੈਕਸ਼ਨ ਲੈਣ ਦੇ ਅਸਮਰੱਥ ਹਨ|
ਸ੍ਰੀ ਮੱਛਲੀ ਕਲ੍ਹਾ ਨੇ ਦੱਸਿਆ ਕਿ ਏ.ਡੀ.ਸੀ. ਨੇ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਸਬੰਧਤ ਅਫਸਰਾਂ ਦੀ ਮੀਟਿੰਗ ਬੁਲਾਈ ਸੀ ਜਿਸ ਦੌਰਾਨ ਇਹ ਮਾਮਲਾ ਤੁਰੰਤ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਮਾਲ ਅਫਸਰ ਨੇ ਕਮੇਟੀ ਦਾ ਗਠਨ ਕਰ ਦਿੱਤਾ ਹੈ ਜੋ ਪੈਰਾਫੇਰੀ ਐਕਟ ਅਧੀਨ ਆਉਣ ਵਾਲੇ ਪਿੰਡਾਂ ਸਬੰਧੀ ਰਿਪੋਰਟ ਦੇਵੇਗੀ| ਇਸ ਕਮੇਟੀ ਵਿੱਚ ਬਿਜਲੀ ਬੋਰਡ ਦੇ ਜੇ.ਈ., ਪੰਚਾਇਤ ਮਹਿਕਮੇ ਵਲੋਂ ਪੰਚਾਇਤ ਸੈਕਟਰੀ ਅਤੇ ਮਾਲ ਮਹਿਕਮੇ ਵਲੋਂ ਪਟਵਾਰੀ ਮਿਲ ਕੇ ਮੌਕਾ ਵੇਖਣਗੇ ਅਤੇ ਸਾਂਝੀ ਰਿਪੋਰਟ                         ਦੇਣਗੇ| 
ਉਹਨਾਂ ਦੱਸਿਆ ਕਿ ਬੀਤੇ ਦਿਨੀਂ ਹਲਕੇ ਦੇ ਕੁੱਝ ਲੋਕਾਂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਲਾਲ ਲਕੀਰ ਅੰਦਰ ਮਕਾਨ ਹੋਣ ਦੀ ਤਸਦੀਕ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਵਲੋਂ ਤਾਂ ਬਿਨਾਂ ਕਿਸੇ ਰੋਕ-ਟੋਕ ਕੀਤੀ ਜਾ ਰਹੀ ਸੀ ਪਰ ਸਬੰਧਤ ਪਟਵਾਰੀ ਰਿਕਾਰਡ ਨਾ ਹੋਣ ਦੀ ਗੱਲ ਕਹਿ ਕੇ ਅਜਿਹੇ ਮਕਾਨਾਂ ਦੀ ਤਸਦੀਕ ਕਰਨ ਤੋਂ ਟਾਲਾ ਵੱਟ ਰਹੇ ਸਨ ਜਿਸ ਕਾਰਨ ਲੋਕਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ ਨਹੀਂ ਮਿਲ ਰਹੇ ਸਨ| ਉਹਨਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਵੀ ਧਿਆਨ ਵਿੱਚ ਲਿਆਂਦਾ ਸੀ ਜਿਨ੍ਹਾਂ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਸੀ ਜਿਸਤੋਂ ਬਾਅਦ ਹੁਣ ਇਹ ਮਸਲਾ ਹਲ ਹੋ ਗਿਆ ਹੈ| 

Leave a Reply

Your email address will not be published. Required fields are marked *