ਮੱਛਲੀ ਕਲਾਂ ਵਲੋਂ ਸਹਿਕਾਰੀ ਬੈਂਕ ਖਰੜ ਦਾ ਅਚਨਚੇਤ ਦੌਰਾ

ਖਰੜ, 20 ਅਗਸਤ  (ਸ.ਬ.) ਜ਼ਿਲ੍ਹਾ ਮੁਹਾਲੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਖਰੜ ਸ਼ਹਿਰ ਦੇ ਸਹਿਕਾਰੀ ਬੈਂਕ ਦਾ ਅਚਨਚੇਤ ਦੌਰਾ ਕੀਤਾ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ|  
ਸ੍ਰੀ ਸ਼ਰਮਾ ਨੇ ਦੱਸਿਆ ਕਿ ਦੌਰੇ ਦੌਰਾਨ ਭਾਵੇਂ ਬੈਂਕ ਦਾ ਸਮੁੱਚਾ ਸਟਾਫ਼ ਹਾਜ਼ਿਰ ਸੀ ਅਤੇ ਸਾਰੇ ਮੁਲਾਜ਼ਮ ਆਪੋ-ਅਪਣੇ ਕੰਮਾਂ ਵਿਚ ਲੱਗੇ ਹੋਏ ਸਨ ਪਰੰਤੂ ਉਹਨਾਂ ਨੂੰ ਬ੍ਰਾਂਚ ਵਿਚਲੀਆਂ ਕਮੀਆਂ-ਪੇਸ਼ੀਆਂ ਬਾਰੇ ਵੀ ਜਾਣਕਾਰੀ ਮਿਲੀ| ਉਨ੍ਹਾਂ ਕਿਹਾ ਕਿ ਬ੍ਰਾਂਚ ਦੀ ਸਮੁੱਚੀ ਇਮਾਰਤ ਦੀ ਹਾਲਤ ਕਾਫ਼ੀ ਖ਼ਸਤਾ ਹੈ ਜਿਸ ਦਾ ਪੂਰੀ ਤਰ੍ਹਾਂ ਕਾਇਆਕਲਪ ਕਰਨ ਦੀ ਲੋੜ ਹੈ| ਇਸੇ ਤਰ੍ਹਾਂ ਬ੍ਰਾਂਚ ਦੇ ਅੰਦਰ ਦਾਖ਼ਲ ਹੋਣ ਲਈ ਗੇਟ ਤੇ ਰੈਂਪ ਆਦਿ ਨਾ ਹੋਣ ਕਾਰਨ ਗ੍ਰਾਹਕਾਂ ਖ਼ਾਸਕਰ ਬਜ਼ੁਰਗਾਂ ਨੂੰ ਬ੍ਰਾਂਚ ਅੰਦਰ ਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਉਹਨਾਂ ਕਿਹਾ ਕਿ ਬ੍ਰਾਂਚ ਵਿਚ ਪਿਆ ਫ਼ਰਨੀਚਰ ਵੀ ਕਾਫ਼ੀ ਪੁਰਾਣਾ ਅਤੇ ਖ਼ਸਤਾ ਹਾਲਤ ਵਿਚ ਹੈ| ਕੁੱਝ ਕੰਧਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਅਤੇ ਬੈਂਕ ਮੈਨੇਜਰ ਅਤੇ ਖ਼ਜ਼ਾਨਚੀ ਲਈ ਵਖਰਾ ਕੈਬਿਨ ਨਹੀਂ ਹੈ| ਸ੍ਰੀ ਮੱਛਲੀ ਕਲਾਂ ਨੂੰ ਦਸਿਆ ਗਿਆ ਕਿ ਬ੍ਰਾਂਚ ਵਿਚ ਸਟਾਫ਼ ਦੀ ਵੀ ਕਾਫ਼ੀ ਘਾਟ ਹੈ ਜਿਸ ਕਾਰਨ ਗਾਹਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ|
ਬ੍ਰਾਂਚ ਦੀ ਇਮਾਰਤ ਦੀ ਹਾਲਤ  ਵੇਖ ਕੇ ਸ੍ਰੀ ਸ਼ਰਮਾ ਨੇ ਬੈਂਕ ਅਧਿਕਾਰੀਆਂ ਨੂੰ ਭਰੋਸਾ ਦਿਤਾ ਕਿ ਉਹ ਬੋਰਡ ਦੀ ਅਗਲੀ ਬੈਠਕ ਵਿਚ ਇਸ ਇਮਾਰਤ ਨੂੰ ਨਵਿਆਉਣ ਸਬੰਧੀ ਤਜਵੀਜ਼ ਰੱਖਣਗੇ| ਉਨ੍ਹਾਂ ਕਿਹਾ ਕਿ ਇਸ ਬ੍ਰਾਂਚ ਅਧੀਨ 6 ਸੁਸਾਇਟੀਆਂ ਅਤੇ 58 ਪਿੰਡ ਆਉਂਦੇ ਹਨ ਜਿਸ ਕਾਰਨ ਬ੍ਰਾਂਚ ਦੀ ਇਮਾਰਤ ਦਾ ਕਾਇਆਕਲਪ          ਸਮੇਂ ਦੀ ਲੋੜ ਹੈ| ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਦੌਰੇ ਦੌਰਾਨ ਉਨ੍ਹਾਂ ਨੂੰ ਬ੍ਰਾਂਚ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ ਅਤੇ ਉਹ ਜ਼ਿਲ੍ਹੇ ਦੀਆਂ ਹੋਰ ਬ੍ਰਾਂਚਾਂ ਦਾ ਵੀ ਆਉਣ ਵਾਲੇ ਦਿਨਾਂ ਵਿਚ              ਅਚਨਚੇਤ ਦੌਰਾ ਕਰਨਗੇ|
ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਜਿਥੇ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਨਾ ਹੈ, ਉਥੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਗਾਹਕਾਂ ਨੂੰ ਸਮਾਂਬੱਧ ਅਤੇ ਸੁਚੱਜੀਆਂ ਸੇਵਾਵਾਂ ਦਿਤੀਆਂ ਜਾਣ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਬੈਂਕ ਲੋਕਾਂ ਦੇ ਅਪਣੇ ਬੈਂਕ ਹਨ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਨੂੰ ਇਨ੍ਹਾਂ ਬੈਂਕਾਂ ਵਿਚ ਖਾਤੇ ਖੁਲ੍ਹਵਾਉਣੇ ਚਾਹੀਦੇ ਹਨ|

Leave a Reply

Your email address will not be published. Required fields are marked *