ਮੱਧ ਪ੍ਰਦੇਸ਼: ਨੇਤਾਵਾਂ ਦਾ ਕਤਲ, ਕਮਲਨਾਥ ਖਿਲਾਫ ਸੜਕ ਤੇ ਉਤਰੀ ਭਾਜਪਾ

ਭੋਪਾਲ, 21 ਜਨਵਰੀ (ਸ.ਬ.) ਮੱਧ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਹੋਏ ਭਾਜਪਾ ਨੇਤਾਵਾਂ ਦੇ ਕਤਲ ਤੇ ਸਿਆਸਤ ਗਰਮਾ ਗਈ ਹੈ| ਗੁੱਸਾਏ ਭਾਜਪਾ ਵਰਕਰ ਅੱਜ ਭੋਪਾਲ ਵਿੱਚ ਸੜਕਾਂ ਤੇ ਉਤਰ ਆਏ| ਵਰਕਰਾਂ ਨੇ ਰਾਜ ਸਰਕਾਰ ਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ| ਇਸ ਦੌਰਾਨ ਮੁੱਖ ਮੰਤਰੀ ਕਮਲਨਾਥ ਦੇ ਪੁਤਲੇ ਫੂਕੇ ਗਏ ਅਤੇ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ| ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਇਕ ਹਫਤੇ ਦੌਰਾਨ ਤਿੰਨ ਭਾਜਪਾ ਨੇਤਾਵਾਂ ਦਾ ਕਤਲ ਹੋ ਚੁਕਿਆ ਹੈ| ਐਤਵਾਰ ਨੂੰ ਬੜਵਾਨੀ ਵਿੱਚ ਭਾਜਪਾ ਨੇਤਾ ਮਨੋਜ ਠਾਕਰੇ ਦੇ ਕਤਲ ਤੋਂ ਬਾਅਦ ਭਾਜਪਾ ਨੇ ਕਮਲਨਾਥ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ| ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ| ਉਨ੍ਹਾਂ ਨੇ ਕਮਲਨਾਥ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਜਲਦ ਅਪਰਾਧੀ ਨਹੀਂ ਫੜੇ ਗਏ ਤਾਂ ਭਾਜਪਾ ਸੜਕ ਤੇ ਉਤਰ ਕੇ ਅੰਦੋਲਨ ਕਰੇਗੀ|
ਪ੍ਰਦਰਸ਼ਨ ਦੌਰਾਨ ‘ਕਮਲਨਾਥ ਮੁਰਦਾਬਾਦ’ ਅਤੇ ‘ਕਮਲਨਾਥ ਅਸਤੀਫਾ ਦਿਓ’ ਦੇ ਨਾਅਰੇ ਲਗਾਏ ਜਾ ਰਹੇ ਹਨ| ਬੜਵਾਨੀ ਦੇ ਐਸ.ਪੀ. ਨੇ ਦੱਸਿਆ ਸੀ ਕਿ ਭਾਜਪਾ ਨੇਤਾ ਮਨੋਜ ਠਾਕਰੇ ਦੀ ਲਾਸ਼ ਇਕ ਖੇਤ ਵਿੱਚੋਂ ਮਿਲੀ| ਪੁਲੀਸ ਨੇ ਦੱਸਿਆ,”ਉਹ ਸਵੇਰ ਦੀ ਸੈਰ ਤੇ ਗਏ ਸਨ| ਪੁਲੀਸ ਨੂੰ ਲਾਸ਼ ਕੋਲੋਂ ਖੂਨ ਨਾਲ ਲਿਬੜਿਆ ਪੱਥਰ ਮਿਲਿਆ| ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪੱਥਰ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ|
ਇਸ ਤੋਂ ਪਹਿਲਾਂ ਇੰਦੌਰ ਵਿੱਚ ਕਾਰੋਬਾਰੀ ਸੰਦੀਪ ਅਗਰਵਾਲ ਅਤੇ ਮੰਦਸੌਰ ਵਿੱਚ ਨਗਰ ਪਾਲਿਕਾ ਮੁਖੀ ਅਤੇ ਭਾਜਪਾ ਨੇਤਾ ਪ੍ਰਹਲਾਦ ਬੰਧਵਾਰ ਦੀ ਪਿਛਲੇ ਦਿਨੀਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਚੌਹਾਨ ਨੇ ਮੁੱਖ ਮੰਤਰੀ ਕਮਲਨਾਥ ਨੂੰ ਪੱਤਰ ਲਿਖ ਕੇ ਅਗਰਵਾਲ ਅਤੇ ਬੰਧਵਾਰ ਦੇ ਕਤਲ ਨੂੰ ਰਾਜ ਸਰਕਾਰ ਦੀ ਖਰਾਬ ਕਾਨੂੰਨ ਵਿਵਸਥਾ ਨੂੰ ਦਰਸਾਉਣ ਵਾਲਾ ਦੱਸਿਆ ਸੀ| ਚੌਹਾਨ ਨੇ ਦੋਸ਼ ਲਗਾਇਆ ਸੀ ਕਿ ਰਾਜ ਵਿੱਚ ਕਾਂਗਰਸ ਦੀ ਸਰਕਾਰ ਆਉਂਦੇ ਹੀ ਅਪਰਾਧਕ ਤੱਤਾਂ ਨੂੰ ਸਿਆਸੀ ਸੁਰੱਖਿਆ ਮਿਲਣੀ ਸ਼ੁਰੂ ਹੋ ਗਈ ਹੈ| ਅਪਰਾਧੀਆਂ ਦੇ ਹੌਂਸਲੇ ਬੁਲੰਦ ਅਤੇ ਪੁਲੀਸ ਦੇ ਹੌਂਸਲੇ ਢਹਿ ਗਏ ਹਨ|

Leave a Reply

Your email address will not be published. Required fields are marked *