ਯਮਨ ਕਿਸ਼ਤੀ ਹਾਦਸੇ ਵਿੱਚ 46 ਪ੍ਰਵਾਸੀ ਡੁੱਬੇ, 16 ਲਾਪਤਾ

ਜੇਨੇਵਾ, 7 ਜੂਨ (ਸ.ਬ.) ਮਨੁੱਖੀ ਤਸਕਰਾਂ ਦੀ ਯਮਨ ਜਾ ਰਹੀ ਕਿਸ਼ਤੀ ਪਲਟਣ ਨਾਲ ਬੀਤੇ ਦਿਨੀਂ ਇਥੋਪੀਆ ਦੇ 46 ਵਿਅਕਤੀਆਂ ਦੀ ਡੁੱਬ ਕੇ ਮੌਤ ਹੋ ਗਈ ਅਤੇ 16 ਵਿਅਕਤੀ ਲਾਪਤਾ ਹੋ ਗਏ| ਸੰਯੁਕਤ ਰਾਸ਼ਟਰ ਦੀ ਪ੍ਰਵਾਸਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ| ਏਜੰਸੀ ਨੇ ਦੱਸਿਆ ਕਿ ਤਸਕਰਾਂ ਦੀ ਇਕ ਕਿਸ਼ਤੀ ਰਾਹੀਂ ਘੱਟ ਤੋਂ ਘੱਟ 100 ਵਿਅਕਤੀ ਸੋਮਾਲੀਆ ਤੋਂ ਰਵਾਨਾ ਹੋਏ, ਜਿਨ੍ਹਾਂ ਵਿਚ 83 ਪੁਰਸ਼ ਅਤੇ 17 ਔਰਤਾਂ ਸਨ| ਇਹ ਸਾਰੇ ਪ੍ਰਵਾਸੀ ਕੰਮ ਦੀ ਭਾਲ ਵਿਚ ਯਮਨ ਅਤੇ ਖਾੜੀ ਦੇਸ਼ ਜਾ ਰਹੇ ਸਨ| ਏਜੰਸੀ ਨੇ ਅੱਗੇ ਕਿਹਾ ਕਿ ਇਹ ਪੂਰੀ ਰਾਤ ਯਾਤਰਾ ਕਰਦੇ ਰਹੇ ਅਤੇ ਸਥਾਨਕ ਸਮੇਂ ਮੁਤਾਬਕ ਬੀਤੇ ਦਿਨੀਂ ਸਵੇਰੇ ਕਰੀਬ 5 ਵਜੇ ਅਦਨ ਦੀ ਖਾੜੀ ਨੇੜੇ ਕਿਸ਼ਤੀ ਪਲਟ ਗਈ| ਅੰਤਰਰਾਸ਼ਟਰੀ ਪ੍ਰਵਾਸਨ ਸੰਗਠਨ (ਆਈ.ਓ.ਐਮ) ਦੇ ਨਿਰਦੇਸ਼ਕ ਮੁਹੰਮਤ ਅਦਬਿਕਰ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ| ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਹਰ ਮਹੀਨੇ 7000 ਗਰੀਬ ਅਪ੍ਰਵਾਸੀ ਇਹ ਖਤਰਨਾਕ ਯਾਤਰਾ ਕਰਦੇ ਹਨ| ਪਿਛਲੇ ਸਾਲ ਇਕ ਲੱਖ ਲੋਕਾਂ ਨੇ ਇਹ ਯਾਤਰਾ ਕੀਤੀ ਸੀ| ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਖਤਰਨਾਕ ਸਥਿਤੀਆਂ ਤੋਂ ਲੰਘਣਾ ਪੈਂਦਾ ਹੈ| ਇਸ ਤੇ ਰੋਕ ਲਗਾਉਣੀ ਚਾਹੀਦੀ ਹੈ|
ਇਹ ਘਟਨਾ ਸੰਗਠਨ ਵੱਲੋਂ 101 ਇਥੋਪੀਆਈ ਲੋਕਾਂ ਨੂੰ ਯਮਨ ਛੱਡਣ ਵਿਚ ਮਦਦ ਕਰਨ ਦੇ ਇਕ ਬਾਅਦ ਵਾਪਰੀ ਹੈ| ਇਨ੍ਹਾਂ ਵਿਚ 51 ਔਰਤਾਂ ਅਤੇ 33 ਬੱਚੇ ਸ਼ਾਮਲ ਸਨ| ਇਹ ਸਾਰੇ ਯਮਨ ਵਿਚ ਫਸੇ ਹੋਏ ਸਨ ਅਤੇ ਹਿਰਾਸਤ ਵਿਚ ਫਸੇ 300 ਅਪ੍ਰਵਾਸੀਆਂ ਵਿਚੋਂ ਜ਼ਿਆਦਾ ਅਸੁਰੱਖਿਅਤ ਸਨ| ਸੰਗਠਨ ਦੇ ਬਿਆਨ ਮੁਤਾਬਕ, ‘ਯਮਨ ਆਉਣ-ਜਾਣ ਵਾਲੇ ਅਪ੍ਰਵਾਸੀ ਮਜ਼ਦੂਰਾਂ ਨੂੰ ਮਨੁੱਖੀ ਤਸਕਰਾਂ ਅਤੇ ਹੋਰ ਅਪਰਾਧੀਆਂ ਦੇ ਹੱਥੋਂ ਅੱਤਿਆਚਾਰ ਸਹਿਣਾ ਪੈਂਦਾ ਹੈ| ਇਨ੍ਹਾਂ ਦਾ ਸਰੀਰਕ ਅਤੇ ਯੌਨ ਸੋਸ਼ਣ ਕੀਤਾ ਜਾਂਦਾ ਹੈ|
ਇਨ੍ਹਾਂ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਵਸੂਲੀ ਕੀਤੀ ਜਾਂਦੀ ਹੈ| ਜਬਰਦਸਤੀ ਕੰਮ ਕਰਵਾਇਆ ਜਾਂਦਾ ਹੈ| ਇਸ ਦੌਰਾਨ ਇਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ|

Leave a Reply

Your email address will not be published. Required fields are marked *