ਯਮਨ ਵਿੱਚ ਹੜ੍ਹਾਂ ਕਾਰਨ ਕਈ ਵਿਅਕਤੀਆਂ ਦੀ ਮੌਤ, ਹਜ਼ਾਰਾਂ ਲੋਕ ਫਸੇ

ਸਨਾ, 28 ਜੁਲਾਈ (ਸ.ਬ.) ਯਮਨ ਵਿੱਚ ਤੇਜ਼ ਮੀਂਹ ਅਤੇ ਅਚਾਨਕ ਆਏ ਹੜ੍ਹ ਕਾਰਨ ਤਬਾਹੀ ਮਚੀ ਹੈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੇ ਗਈ ਤੇ ਇਸ ਦੇ ਨਾਲ ਹੀ ਹਜ਼ਾਰਾਂ ਘਰ ਨੁਕਸਾਨੇ ਗਏ| ਸੁਰੱਖਿਆ ਅਧਿਕਾਰੀਆਂ ਅਤੇ ਸਹਾਇਤਾ ਸਮੂਹ ਨੇ ਇਸ ਦੀ ਜਾਣਕਾਰੀ ਦਿੱਤੀ| 
ਯਮਨ ਪਹਿਲਾਂ ਤੋਂ ਲੜਾਈ, ਜ਼ਮੀਨ ਖਿਸਕਣ , ਭੁੱਖਮਰੀ ਤੇ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਿਹਾ ਹੈ| ਅਜਿਹੇ ਵਿਚ ਜ਼ਬਰਦਸਤ ਮੀਂਹ ਨੇ ਇਨ੍ਹਾਂ ਮਨੁੱਖੀ ਆਫਤਾਂ ਨੂੰ ਹੋਰ ਵਧਾ ਦਿੱਤਾ ਹੈ| ਯਮਨ ਵਿੱਚ ਰੈਡ ਕਰਾਸ ਮਿਸ਼ਨ ਵਿੱਚ ਕੌਮਾਂਤਰੀ ਕਮੇਟੀ ਦੇ ਮੁਖੀ ਆਬਦੀ ਇਸਮਾਇਲ ਨੇ ਕਿਹਾ ਕਿ ਕੋਰੋਨਾ ਵਾਇਰਸ, ਸੰਘਰਸ਼ ਅਤੇ ਤੇਜ਼ ਮੀਂਹ ਕਾਰਨ ਇਸ ਸਾਲ ਪੂਰੇ ਦੇਸ਼ ਵਿਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ| 
ਇਕ ਰਿਪੋਰਟ ਮੁਤਾਬਕ ਦੱਖਣੀ ਯਮਨ ਵਿਚ ਕੈਂਪਾਂ ਵਿਚ ਰਹੇ 33 ਹਜ਼ਾਰ ਲੋਕਾਂ ਦਾ ਸਾਮਾਨ ਹੜ੍ਹ ਕਾਰਨ ਰੁੜ੍ਹ ਗਿਆ ਜਾਂ ਫਿਰ ਤਬਾਹ ਹੋ ਗਿਆ| ਇਸ ਨਾਲ ਪੂਰੇ ਦੇਸ਼ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ| ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਹੱਜਾ ਅਤੇ ਹੋਦਿਦਾ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ 23 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 187 ਘਰ ਤਬਾਹ ਹੋ ਗਏ ਹਨ| ਤੇਜ਼ ਮੀਂਹ ਕਾਰਨ ਆਏ ਹੜ੍ਹ ਕਾਰਨ ਕਾਰਨ ਸੜਕਾਂ ਟੁੱਟ ਗਈਆਂ ਤੇ ਦਰਜਨਾਂ ਕਾਰਾਂ ਰੁੜ੍ਹ ਗਈਆਂ ਤੇ ਬੇਘਰ ਹੋਏ ਸੈਂਕੜੇ ਪਰਿਵਾਰ ਬਿਨਾ ਖਾਣੇ-ਪਾਣੀ ਦੇ ਫਸੇ ਹੋਏ ਹਨ| 

Leave a Reply

Your email address will not be published. Required fields are marked *