ਯਾਹੂ ਈਮੇਲ ਹੈਕ ਮਾਮਲੇ ਵਿਚ ਜੱਜ ਨੇ ਕੈਨੇਡੀਅਨ ਵਿਅਕਤੀ ਦੀ ਜ਼ਮਾਨਤ ਕੀਤੀ ਰੱਦ

ਹਮਿਲਟਨ, 12 ਅਪ੍ਰੈਲ (ਸ.ਬ) ਵੱਡੇ ਪੱਧਰ ਤੇ ਯਾਹੂ ਈਮੇਲ ਹੈਕ ਮਾਮਲੇ ਵਿਚ ਦੋਸ਼ੀ ਕੈਨੇਡੀਅਨ ਨਾਗਰਿਕ ਕਰੀਮ ਬਾਰਾਟੋਵ ਦੀ ਜ਼ਮਾਨਤ ਨੂੰ ਜੱਜ ਨੇ ਰੱਦ ਕਰ ਦਿੱਤੀ| ਜੱਜ ਨੇ ਬਾਰਾਟੋਵ ਦੇ ਮਾਤਾ-ਪਿਤਾ ਦੀ ਵੀ ਇਸ ਮਾਮਲੇ ਵਿਚ ਨਿੰਦਾ ਕੀਤੀ| ਉਨ੍ਹਾਂ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੀਆਂ ਗਤੀਵਿਧੀਆਂ ਨੂੰ ਅਣਦੇਖਿਆ ਕੀਤਾ ਹੈ| ਉਹ ਉਸ ਦੇ ਪੈਸੇ ਤੇ ਆਪਣਾ ਆਨੰਦਮਈ ਜੀਵਨ ਤਾਂ ਬਤੀਤ ਕਰ ਰਹੇ ਸਨ ਪਰ ਉਨ੍ਹਾਂ ਨੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਆਮਦਨ ਦਾ ਸਾਧਨ ਕੀ ਹੈ ਅਤੇ ਉਹ ਕਿਸ ਤਰ੍ਹਾਂ ਇਹ ਪੈਸਾ ਕਮਾ ਰਿਹਾ ਹੈ| ਜੱਜ ਨੇ ਕਿਹਾ ਕਿ ਉਨ੍ਹਾਂ ਕੋਲ ਦੇਸ਼ ਛੱਡ ਕੇ ਜਾਣ ਦੇ ਵੀ ਸਾਧਨ ਹਨ| ਇਹ ਕਹਿੰਦੇ ਹੋਏ ਉਨ੍ਹਾਂ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ| ਜੱਜ ਨੇ ਕਿਹਾ ਕਿ ਬਾਰਾਟੋਵ ਦੇ ਮਾਤਾ-ਪਿਤਾ ਨੇ ਉਸ ਦੀਆਂ ਇੰਟਰਨੈਟ ਤੇ ਗਤੀਵਿਧੀਆਂ ਨੂੰ ਅੱਖੋਂ-ਉਹਲੇ ਕੀਤਾ ਕਿਉਕਿ ਉਹ ਘਰ ਦੇ ਰੱਖ ਰਖਾਵ ਲਈ ਆਰਥਿਕ ਯੋਗਦਾਨ ਦਿੰਦਾ ਸੀ| ਪੈਸੇ ਪ੍ਰਤੀ ਬਾਰਾਟੋਵ ਦਾ ਰਵੱਈਆ ਸਾਫ ਦੇਖਿਆ ਜਾ ਸਕਦਾ ਹੈ| ਮਹਿੰਗੀਆਂ ਕਾਰਾਂ ਦਾ ਸ਼ੌਕ ਅਤੇ ਡਾਲਰਾਂ ਨਾਲ ਪੋਸਟ ਕੀਤੀਆਂ ਉਸ ਦੀਆਂ ਆਨਲਾਈਨ ਤਸਵੀਰਾਂ ਇਹ ਸਾਫ਼ ਦਰਸਾਉਂਦੀਆਂ ਹਨ ਕਿ ਉਸ ਨੂੰ ਹੋਰ ਜਿਆਦਾ ਪੈਸਾ ਕਮਾਉਣ ਦਾ ਕਿੰਨਾ ਲਾਲਚ ਹੈ| ਬਾਰਾਟੋਵ ਨੂੰ ਹਵਾਲਗੀ ਐਕਟ ਤਹਿਤ ਅਮਰੀਕੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਨਾਲ 3 ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ| ਜਿਨ੍ਹਾਂ ਚੋਂ 2 ਰੂਸ ਦੇ ਸੰਘੀ ਸੁਰੱਖਿਆ ਸੇਵਾ ਦੇ ਅਧਿਕਾਰੀ ਸਨ| ਜੇਕਰ ਬਾਰਾਟੋਵ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਜੇਲ ਹੋ ਸਕਦੀ ਹੈ|
ਹਮਿਲਟਨ ਅਦਾਲਤ ਵਿਚ 26 ਮਈ ਨੂੰ ਮਾਮਲੇ ਦੁਬਾਰਾ ਸੁਣਵਾਈ ਹੋਵੇਗੀ ਕਿਉਂਕਿ ਇਸ ਮਾਮਲੇ ਦੇ ਸੰਬੰਧ ਵਿਚ ਅਜੇ ਕੋਈ ਮੁਕੰਮਲ ਫੈਸਲਾ ਨਹੀਂ ਆਇਆ ਹੈ|

Leave a Reply

Your email address will not be published. Required fields are marked *