ਯੁੱਧ ਮਾਹਿਰਾਂ ਵਲੋਂ ਪਹਿਲੇ ਵਿਸ਼ਵ ਯੁੱਧ ਦੇ ਨਾਇਕਾਂ ਦੀ ਯਾਦ ਵਿਚ ਜੰਗੀ ਸਮਾਰਕ ਬਣਾਉਣ ਦੀ ਮੰਗ
ਚੰਡੀਗੜ੍ਹ, 8 ਦਸੰਬਰ (ਸ.ਬ.) ਪਹਿਲੇ ਵਿਸ਼ਵ ਯੁੱਧ ਦੇ ਨਾਇਕਾਂ ਵਲੋਂ ਕੀਤੇ ਬਲਿਦਾਨ ਨੂੰ ਸਮਰਪਿਤ ਜੰਗੀ ਸਮਾਰਕ ਬਣਾਉਣ ਦੀ ਮੰਗ ਕਰਨ ਲਈ ਯੁੱਧ ਮਾਹਿਰ ਮਿਲਟਰੀ ਲਿਟਰੇਚਰ ਫੈਸਟੀਵਲ ਪਲੇਟਫਾਰਮ ਤੇ ਇਕੱਠੇ ਹੋਏ| ਇਸ ਮੌਕੇ ਬਰਖਾ ਦੱਤ ਵਲੋਂ ਸੰਚਾਲਿਤ ‘ਕੰਟਰੀਬਿਊਸ਼ਨ ਆਫ ਇੰਡੀਆ ਟੂਵਾਰਡ ਦ ਫਸਟ ਵਰਲਡ ਬਾਰ’ ਵਿਸ਼ੇ ਤੇ ਵਿਚਾਰ ਚਰਚਾ ਦੌਰਾਨ ਮਾਹਿਰਾਂ ਨੇ ਕਿਹਾ ਕਿ ਬਹਾਦਰ ਭਾਰਤੀਆਂ, ਖਾਸ ਤੌਰ ਤੇ ਪੰਜਾਬੀਆਂ ਦੇ ਅਣਡਿੱਠੇ ਯੋਗਦਾਨ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜੋ ਖੁਦ ਇਕ ਫੌਜੀ ਇਤਿਹਾਸਕਾਰ ਹਨ) ਬਿਮਾਰ ਹੋਣ ਕਾਰਨ ਇਸ ਸੈਸ਼ਨ ਵਿਚ ਹਿੱਸਾ ਨਾ ਲੈ ਸਕੇ|
ਇਸ ਮੌਕੇ ਸੰਬੋਧਨ ਕਰਦਿਆਂ ਸਕੁਆਡਰਨ ਲੀਡਰ ਰਾਣਾ ਛੀਨਾ ਨੇ ਨਾਰੰਗੀ ਮੈਰੀਗੋਲਡ ਨੂੰ ਸ਼ਹੀਦ ਨਾਇਕਾਂ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰੀ ਫੁੱਲ ਵਜੋਂ ਮੰਨੇ ਜਾਣ ਦਾ ਸੁਝਾਅ ਦਿੱਤਾ, ਠੀਕ ਉਸੇ ਤਰਜ਼ ਉਤੇ ਜਿਵੇਂ ਕਿ ਬ੍ਰਿਟਿਸ਼ ਸਰਕਾਰ ਨੇ ਲਾਲ ਰੰਗ ਦੇ ਪੌਪੀ ਫੁੱਲ ਨੂੰ ਚੁਣਿਆ ਹੈ| ਇਸ ਸੁਝਾਅ ਨੂੰ ਸਾਰੇ ਪੈਨਲਿਸਟਾਂ ਨੇ ਸਹਿਮਤੀ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਅਧਿਕਾਰਤ ਤੌਰ ਤੇ ਇਕ ਪ੍ਰਸਤਾਵ ਭੇਜਣ ਦਾ ਫੈਸਲਾ ਕੀਤਾ|
ਜਿਨ੍ਹਾਂ ਪੰਜਾਬੀਆਂ ਨੇ ਅੰਗਰੇਜ਼ੀ ਸ਼ਾਸਨ ਦੇ ਹੁਕਮ ਕਰਕੇ ਜੰਗ ਲੜੀ ਉਨ੍ਹਾਂ ਨਾਲ ਸਬੰਧਤ ਇਤਿਹਾਸ ਨੂੰ ਜ਼ੁਬਾਨੀ ਰੂਪ ਵਿੱਚ ਉਜਾਗਰ ਕਰਦਿਆਂ ਆਕਸਫੋਰਡ ਯੂਨੀਵਰਸਿਟੀ ਦੇ ਮਸ਼ਹੂਰ ਇਤਿਹਾਸਕਾਰ ਨੇ 1914-1918 ਦੌਰਾਨ ਪੰਜਾਬੀਆਂ ਦੇ ਜ਼ਬਰਦਸਤ ਅਤੇ ਅਮੀਰ ਸਾਹਿਤਕ ਵਿਰਸੇ ਸਬੰਧੀ ਵਿਚਾਰ ਸਾਂਝੇ ਕੀਤੇ| ਉਨ੍ਹਾਂ ਇਹ ਵੀ ਕਿਹਾ ਪੰਜਾਂ ਦਰਿਆਵਾਂ ਦੀ ਧਰਤੀ ਵਿੱਚ ਅਨੇਕਾਂ ਹੀ ਕਹਾਣੀਆਂ, ਕਵਿਤਾਵਾਂ, ਕਿੱਸੇ, ਦਾਸਤਾਨਾਂ, ਦੁਆਵਾਂ ਸਮੋਈਆਂ ਹੋਈਆਂ ਹਨ| ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੱਕ ਦੇ ਹਾਲਾਤਾਂ ਅਤੇ ਪੰਜਾਬੀਆਂ ਨੂੰ ਇਸ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਚਾਨਣਾ ਪਾਉਂਦੇ ਹੋਏ ਪ੍ਰੋ. ਡੇਵਿਡ ਓਮਿਸੀ (ਜਿਨ੍ਹਾਂ ਨੇ ਸਿਪਾਹੀਆਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਬਹੁਤ ਗਹਿਰਾਈ ਨਾਲ ਅਧਿਐਨ ਕੀਤਾ ਹੈ) ਨੇ ਕਿਹਾ ਕਿ ਇਨ੍ਹਾਂ ਚਿੱਠੀਆਂ ਤੋਂ ਸਿਪਾਹੀਆਂ ਵੱਲੋਂ ਹੰਢਾਈਆਂ ਗਈਆਂ ਤੰਗੀਆਂ ਅਤੇ ਤੁਰਸ਼ੀਆਂ ਦੀ ਝਲਕ ਪੈਂਦੀ ਹੈ|
ਸਿਪਾਹੀਆਂ ਵੱਲੋਂ ਅਜਿਹੀ ਜੰਗ ਲੜਨ, ਜੋ ਕਿ ਉਨ੍ਹਾਂ ਦੀ ਆਪਣੀ ਨਹੀਂ ਸੀ, ਦੀ ਭਾਵਨਾ ਬਾਰੇ ਲੈਫਟੀਨੈਂਟ ਜਨਰਲ ਬਰਾੜ ਨੇ ਕਿਹਾ ਕਿ ਇਸ ਪਿੱਛੇ ਇੱਜ਼ਤ, ਅਣਖ, ਪਰਿਵਾਰ ਦੀ ਪਰੰਪਰਾ,ਰੈਜੀਮੈਂਟ ਦਾ ਮਾਣ ਅਤੇ ਵਫਾਦਾਰੀ ਦੀ ਭਾਵਨਾ ਦਾ ਵੱਡਾ ਹੱਥ ਸੀ| ਉਨ੍ਹਾਂ ਵੱਲੋਂ ਸਿਪਾਹੀਆਂ ਨੂੰ ਸਿਪਾਹੀ ਦੀ ਥਾਂ ਤੇ ਧਾੜਵੀ ਮੰਨਣ ਦੀ ਧਾਰਨਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਇੱਕ ਸਿਪਾਹੀ ਹਮੇਸ਼ਾ ਹੁਕਮ ਮੰਨਦਾ ਹੈ ਅਤੇ ਕਿਸੇ ਸਿਆਸੀ ਜਾਂ ਸਾਮਰਾਜਵਾਦੀ ਹਕੂਮਤ ਨਾਲ ਉਸਦਾ ਕੋਈ ਸਬੰਧ ਨਹੀਂ ਹੰਦਾ| ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਅੰਜੂ ਸੂਰੀ ਨੇ ਨੌਜਵਾਨਾਂ ਵਿਚ ਇਸ ਪ੍ਰਭਾਵੀ ਸੰਦੇਸ਼ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਮਿਲਟਰੀ ਇਤਿਹਾਸ ਅਤੇ ਭਾਰਤੀ ਰਾਜਨੀਤਿਕ ਬਿਰਤਾਂਤਾਂ ਨੂੰ ਸਮਕਾਲੀ ਬਣਾਉਣ ਸਬੰਧੀ ਠੋਸ ਯਤਨਾਂ ਕੀਤੇ ਜਾਣ ਦਾ ਸੁਝਾਅ ਦਿੱਤਾ|