ਯੂਕਰੇਨ ਵਿੱਚ ਫਸੇ 144 ਭਾਰਤੀ ਵਿਦਿਆਰਥੀਆਂ ਦੀ ਹੋਈ ਭਾਰਤ ਵਾਪਸੀ

ਇੰਦੌਰ, 30 ਜੂਨ (ਸ.ਬ.) ਕੋਰੋਨਾ ਵਾਇਰਸ ਦੇ ਕਹਿਰ ਕਾਰਨ ਯੂਕ੍ਰੇਨ ਵਿੱਚ ਲੰਬੇ ਸਮੇਂ ਤੋਂ ਫਸੇ 144 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਵਿਸ਼ੇਸ਼ ਜਹਾਜ਼ ਦੇਸ਼ ਪਰਤਿਆ| ਜਹਾਜ਼ ਇੰਦੌਰ ਦੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਤੇ ਉਤਰਿਆ| ਸਥਾਨਕ ਹਵਾਈ ਅੱਡੇ ਦੀ ਡਾਇਰੈਕਟਰ ਅਰਯਮਾ ਸਾਨਯਾਲ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕ੍ਰੇਨ ਦੇ ਬੋਰੀਸਿਪਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਦਿੱਲੀ ਹੁੰਦੇ ਹੋਏ ਸਵੇਰੇ 5 ਵਜ ਕੇ 16 ਮਿੰਟ ਤੇ ਇੰਦੌਰ ਪੁੱਜਾ| ਅਧਿਕਾਰੀਆਂ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਫਸੇ 144 ਭਾਰਤੀ ਵਿਦਿਆਰਥੀਆਂ ਦੀ ਇਸ ਫਲਾਈਟ ਜ਼ਰੀਏ ਵਤਨ ਵਾਪਸੀ ਹੋਈ| 
ਸਥਾਨਕ ਹਵਾਈ ਅੱਡੇ ਤੇ ਇਨ੍ਹਾਂ ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਰੋਗ ਮੁਕਤ ਕੀਤਾ ਗਿਆ| ਇਸ ਦਰਮਿਆਨ ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਇਸ ਸਮੂਹ ਵਿਚ ਜ਼ਿਆਦਾਤਰ ਵਿਦਿਆਰਥੀ ਮੱਧ ਪ੍ਰਦੇਸ਼ ਦੇ ਹਨ| ਇਨ੍ਹਾਂ ਵਿਚੋਂ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਕੁਝ ਵਿਦਿਆਰਥੀ ਵੀ ਸ਼ਾਮਲ ਹਨ| ਦੇਸ਼ ਪਰਤੇ ਯਾਤਰੀਆਂ ਵਿੱਚ ਇੰਦੌਰ ਦੇ 29 ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਇਕ ਕੁਆਰੰਟੀਨ ਕੇਂਦਰ ਵਿਚ 7 ਦਿਨ ਲਈ ਭੇਜਿਆ ਗਿਆ ਹੈ| ਹੋਰ ਥਾਵਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ| ਜਿਕਰਯੋਗ ਹੈ ਕਿ ਦੁਨੀਆ ਭਰ ਦੇ ਤਮਾਮ ਦੇਸ਼ਾਂ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿੱਚ ਭਾਰਤੀ ਵਿਦੇਸ਼ਾਂ ਵਿੱਚ ਫਸੇ ਹੋਏ ਹਨ| ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਭਾਰਤ ਸਰਕਾਰ ਵਲੋਂ ‘ਵੰਦੇ ਭਾਰਤ ਮਿਸ਼ਨ’ ਅਤੇ ‘ਆਪਰੇਸ਼ਨ ਸਮੁੰਦਰ ਸੇਤੂ’ ਚਲਾਇਆ ਗਿਆ| ਜਿਸ ਜ਼ਰੀਏ ਡੇਢ ਲੱਖ ਦੇ ਕਰੀਬ ਭਾਰਤੀਆਂ ਦੀ ਵਤਨ ਵਾਪਸੀ ਹੋ ਸਕੀ ਹੈ| ਹੁਣੇ ਵੀ ਕੁਝ ਥਾਵਾਂ ਅਜਿਹੀਆਂ ਹਨ, ਜਿੱਥੇ ਭਾਰਤੀ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਵਿਸ਼ੇਸ਼ ਜਹਾਜ਼ ਰਾਹੀਂ ਵਤਨ ਵਾਪਸੀ ਹੋ ਰਹੀ ਹੈ|

Leave a Reply

Your email address will not be published. Required fields are marked *