ਯੂਥ ਅਕਾਲੀ ਦਲ ਵਲੋਂ ਵਜੀਫਾ ਸਕੀਮ ਵਿੱਚ ਹੋਏ ਕਥਿਤ ਘੁਟਾਲੇ ਵਿਰੁਧ ਰੋਸ ਮੁਜਾਹਰਾ

ਯੂਥ ਅਕਾਲੀ ਦਲ ਵਲੋਂ ਵਜੀਫਾ ਸਕੀਮ ਵਿੱਚ ਹੋਏ ਕਥਿਤ ਘੁਟਾਲੇ ਵਿਰੁਧ ਰੋਸ ਮੁਜਾਹਰਾ
ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ
ਐਸ ਏ ਐਸ ਨਗਰ, 2 ਸਤੰਬਰ (ਜਸਵਿੰਦਰ ਸਿੰਘ) ਪੰਜਾਬ ਵਿੱਚ ਦਲਿਤ ਵਰਗ ਦੇ ਬੱਚਿਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਵਿੱਚ ਕਥਿਤ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ ਅਤੇ ਅਕਾਲੀ ਦਲ ਵਲੋਂ ਇਸ ਮੁੱਦੇ ਤੇ ਸੰਘਰਸ਼ ਨੂੰ ਤਿੱਖਾ ਕਰਦਿਆਂ ਯੂਥ ਅਕਾਲੀ ਦਲ ਵਲੋਂ ਪੰਜਾਬ ਦੇ ਸਮੂਹ ਹੈਡਕੁਆਟਰਾਂ ਤੇ ਧਰਨੇ ਦਿੱਤੇ ਗਏ ਹਨ| 
ਇਸ ਸੰਬੰਧੀ ਅੱਜ ਮੁਹਾਲੀ ਵਿੱਚ ਸਥਿਤ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੇ ਬਾਹਰ ਯੂਥ ਅਕਾਲੀ ਦਲ ਦੀ ਜਿਲ੍ਹਾ ਸ਼ਹਿਰੀ ਇਕਾਈ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਕੈਬਿਨਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਤਰੀ ਦਾ ਪੂਤਲਾ ਫੂਕ ਕੇ ਪੰਜਾਬ ਸਰਕਾਰ ਦੇ ਖਿਲਾਫ ਨਟਾਹਰੇਬਾਜੀ ਕੀਤੀ ਗਈ| ਇਸ ਮੌਕੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸ੍ਰ. ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਸ਼ਿਰਕਤ ਕੀਤੀ| 
ਇਸ ਮੌਕੇ ਬੋਲਦਿਆਂ ਸ੍ਰ. ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਰਦਰ ਸਿੰਘ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਉਹਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਇਸ ਮਾਮਲੇ ਵਿੱਚ ਪਹਿਲੇ ਦਿਨ ਹੀ ਇਹ ਕਹਿਕੇ ਮੰਤਰੀ ਨੂੰ ਕਲੀਨ ਚਿਟ ਦੇ ਦਿੱਤੀ ਗਈ ਸੀ ਕਿ ਮੰਤਰੀ ਦਾ ਕੋਈ ਦੋਸ਼ ਨਹੀਂ ਹੈ| ਉਹਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਇਸ ਮਾਮਲੇ ਵਿੱਚ ਕਾਰਵਾਈ ਦੇ ਨਾਮ ਤੇ ਚੀਫ ਸੈਕਟਰੀ ਦੇ ਕੋਲੋ ਜਾਂਚ ਕਰਵਾਉਣ ਦੀ  ਗੱਲ ਆਖੀ ਹੈ ਪਰੰਤੂ ਕਿਹੜੇ ਅਫਸਰ ਵਿੱਚ ਹਿੰਮਤ ਹੈ ਕਿ ਮੁੱਖ ਮੰਤਰੀ ਦੇ ਬਿਆਨਾਂ ਦੇ ਉਲਟ ਜਾਂਚ ਕਰੇ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਵਧੀਕ ਮੁੱਖ ਸਕੱਤਰ ਵਲੋਂ  ਕੀਤੀ ਜਾਂਚ ਨੂੰ ਚੀਫ ਸੈਕਟਰੀ ਕੋਲ          ਭੇਜ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਇਨਸਾਫ ਦੀ ਕੋਈ ਆਸ ਨਹੀਂ ਹੈ| 
ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਦਲਿਤ ਬੱਚਿਆਂ ਦੇ ਵਜੀਫੇ ਵਾਸਤੇ ਜਿਹੜੀ ਰਕਮ ਭੇਜੀ ਗਈ ਹੈ ਉਸਦਾ ਗਬਨ ਕਿਵੇਂ ਅਤੇ ਕਿਉਂ ਹੋਇਆ ਅਤੇ ਇਸ ਵਿੱਚੋਂ 40 ਕਰੋੜ ਰੁਪਏ ਕਿੱਥੇ ਗਏ| ਉਹਨਾਂ ਕਿਹਾ ਕਿ ਜਿਸ ਅਦਾਰੇ ਦੇ ਨਾਮ ਤੇ ਪੈਸੇ ਦੀ ਅਦਾਇਗੀ ਕੀਤੀ ਗਈ ਉਹ ਕਿੱਥੇ ਹੈ ਅਤੇ ਇਹ ਪੈਸਾ ਕਿੱਥੇ ਗਿਆ ਹੈ ਇਸਦੀ ਸੱਚਾਈ ਸਾਮ੍ਹਣੇ ਲਿਆਊਣ ਲਈ ਇਸ ਪੂਰੇ ਮਾਮਲੇ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ|
ਇਸ ਮੌਕੇ ਗੱਲ ਕਰਦਿਆਂ ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਰਤ ਸਰਕਾਰ ਵਲੋਂ ਗਰੀਬ ਬੱਚਿਆਂ ਦੇ ਵਜੀਫੇ ਲਈ ਭੇਜਿਆ ਸਾਰਾ ਪੈਸਾ ਡਕਾਰ ਲਿਆ ਹੈ| ਉਹਨਾਂ ਮੰਗ ਕੀਤੀ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬੀਨਟ ਤੋਂ ਬਰਖਾਸ਼ਤ ਕਰਕੇ ਐਫ. ਆਈ. ਆਰ. ਦਰਜ ਕੀਤੀ ਵਰਨਾ ਅਕਾਲੀ ਦਲ ਅਤੇ ਯੂਥ ਅਕਾਲੀ  ਦਲ ਵਲੋਂ ਪੰਜਾਬ ਪੱਧਰ ਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ|  
ਇਸ ਮੌਕੇ ਯੂਥ ਵਿੰਗ ਦੇ ਕੋਰ      ਕਮੇਟੀ ਮੈਂਬਰ ਸਤਿੰਦਰ ਸਿੰਘ ਗਿੱਲ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਹਰਜਿੰਦਰ ਸਿੰਘ ਬਲੌਂਗੀ, ਹਰਵਿੰਦਰ ਸਿੰਘ ਸੋਹਾਣਾ, ਬਲਜੀਤ ਸਿੰਘ ਦੈੜੀ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਕੈਪਟਨ ਰਮਨਦੀਪ ਸਿੰਘ ਬਾਵਾ, ਜਸਵੀਰ ਸਿੰਘ ਜੱਸੀ ਕੁਰੜਾ, ਬਲਵਿੰਦਰ ਸਿੰਘ ਲਖਨੌਰ, ਗੁਰਪ੍ਰਤਾਪ ਸਿੰਘ ਬੜੀ, ਰਵਿੰਦਰ ਸਿੰਘ ਭਾਂਖਰਪੁਰ, ਕਰਮਜੀਤ ਸਿੰਘ ਬੈਦਵਾਨ ਅਤੇ ਹਰਸ਼ ਸਵਾੜਾ, ਜਗਜੀਤ ਸਿੰਘ ਚੌਂਦਹੇੜੀ, ਕਰਨਬੀਰ ਪੂਨੀਆ, ਤਰਨਬੀਰ ਸਿੰਘ, ਮਨਪ੍ਰੀਤ ਸਿੰਘ ਵਿਰਕ, ਪਰਮਿੰਦਰ ਸਿੰਘ ਬੋਹਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ|
ਪਟਿਆਲਾ (ਬਿੰਦੂ ਸ਼ਰਮਾ) : ਸਕਾਲਰਸ਼ਿਪ ਫੰਡ ਘੁਟਾਲੇ ਨੂੰ ਲੈ ਕੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਆਉਣ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪਟਿਆਲਾ ਦੇ ਡੀ ਸੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਕੈਬਿਨਟ ਮੰਤਰੀ ਸਾਧੂ ਸਿੰਘ ਧਰਮ ਸੋਤ ਦਾ ਪੁਤਲਾ ਫੂਕਿਆ ਗਿਆ| 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਪੱਖ ਤੋਂ ਅਸਫਲ ਰਹੀ ਹੈ| ਉਹਨਾਂ ਕਿਹਾ ਕਿ ਜਿਸ ਦਲਿਤ ਭਾਈਚਾਰੇ ਨੇ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਬਣਾਇਆ, ਉਸੇ ਦੇ ਬੱਚਿਆਂ ਦਾ ਵਜ਼ੀਫ਼ਾ ਇਹ ਮੰਤਰੀ ਖਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਤੋਂ ਅਸਤੀਫਾ ਲੈ ਕੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ| ਇਸ ਮੌਕੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਅਤੇ ਨਾਜਾਇਜ਼ ਮਾਈਨਿੰਗ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ| ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਾ ਕੀਤਾ ਅਤੇ ਉਸਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਸ ਨੂੰ ਜ਼ਿਲੇ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ|

Leave a Reply

Your email address will not be published. Required fields are marked *