ਯੂਥ ਆਫ ਪੰਜਾਬ ਨੇ ਫੂਕਿਆ ਯੋਗੀ ਦਾ ਪੁਤਲਾ

ਐਸ.ਏ.ਐਸ.ਨਗਰ, 30 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਕੁੜੀਆਂ ਨਾਲ ਹੁੰਦੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਖਿਲਾਫ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਦੀ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਵਰਕਰਾਂ ਨੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸੈਕਟਰ 70 ਵਿੱਚ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਦਾ ਪੁਤਲਾ ਫੂਕਿਆ ਅਤੇ ਯੂ. ਪੀ. ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| 
ਇਸ ਮੌਕੇ ਸ੍ਰ. ਬੈਦਵਾਨ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਸਾਡੀਆਂ ਹੀ ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਸਾਡੀਆਂ ਸਰਕਾਰਾਂ ਗੰਭੀਰ ਨਹੀਂ ਹਨ| ਉਹਨਾਂ ਕਿਹਾ ਕਿ ਆਗਰਾ ਵਿੱਚ ਇੱਕ ਦਲਿਤ ਲੜਕੀ ਨਾਲ ਹੋਏ ਜਬਰ ਜਿਨਾਹ ਦੀ ਘਟਨਾ ਨੇ ਇੱਕ ਵਾਰ ਫੇਰ ਦੇਸ਼ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ| ਉਹਨਾਂ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਹਰ ਵਾਰ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ ਕਿ ਉਹਨਾਂ ਨੇ ਯੂ ਪੀ ਵਿੱਚੋਂ ਗੁੰਡਾਗਰਦੀ ਖਤਮ ਕਰ ਦਿੱਤੀ ਹੈ ਪਰ ਇਹੋ ਜਿਹੀਆਂ ਘਟਨਾਵਾਂ ਬਾਰੇ ਉਹ ਮੂੰਹ ਨਹੀਂ ਖੋਲ੍ਹਦੇ| ਉਹਨਾਂ ਕਿਹਾ ਕਿ ਇਹ ਘਟਨਾ 14 ਤਰੀਕ ਨੂੰ ਵਾਪਰੀ ਸੀ ਪਰ ਸਰਕਾਰ ਨੇ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਉਠਾਏ| ਉਹਨਾਂ ਕਿਹਾ ਕਿ ਚਾਰ ਲੜਕਿਆਂ ਵਲੋਂ ਜਬਰ ਜਿਨਾਹ ਕਰਨ ਤੋਂ ਬਾਅਦ ਲੜਕੀ ਨੂੰ ਜੋ ਸ਼ਰੀਰਕ ਤਸੀਹੇ ਦਿੱਤੇ ਗਏ ਉਹ ਸੁਣ ਕੇ ਰੂਹ ਤੱਕ ਕੰਬ ਜਾਂਦੀ ਹੈ| ਉਹਨਾਂ ਕਿਹਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਉਹ ਦਲਿਤ ਲੜਕੀ ਪਿਛਲੇ ਕਈ ਦਿਨਾਂ ਤੋਂ ਜਿੰਦਗੀ ਮੌਤ ਨਾਲ ਲੜਦੀ ਹੋਈ ਜਿੰਦਗੀ ਦੀ ਜੰਗ ਹਾਰ ਗਈ| 
ਉਹਨਾਂ ਕਿਹਾ ਕਿ ਉਸ ਲੜਕੀ ਨੂੰ ਇਨਸਾਫ ਦਿਵਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ| ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਸੋਨੂੰ ਬੈਦਵਾਨ, ਨਰਿੰਦਰ ਵਤਸ, ਟੋਨੀ ਸੋਹਾਣਾ, ਮਨਜੀਤ ਸਿੰਘ, ਸਲੀਮ ਮਟੌਰ, ਅਮਰੀਕ ਸਿੰਘ, ਬਿੱਟੂ ਖਾਨ, ਹਰਨੇਕ ਸਿੰਘ, ਬਿੱਲੂ ਮਟੌਰ, ਜਸਪਾਲ ਸਿੰਘ, ਵਾਸੂਦੇਵ ਚੌਧਰੀ ਹਾਜਰ ਸਨ|

Leave a Reply

Your email address will not be published. Required fields are marked *