ਯੂਥ ਆਫ ਪੰਜਾਬ ਵਲੋਂ ਉਭਰਦੀ ਖਿਡਾਰਨ ਦਾ ਸਨਮਾਨ

ਐਸ ਏ ਐਸ ਨਗਰ, 29 ਜਨਵਰੀ (ਸ.ਬ.) ਪਿੰਡ ਮਟੌਰ ਵਿਖੇ ਅੰਡਰ 14 ਸਟੇਟ ਅਥਲੈਟਿਕ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਆਈ ਹੋਣਹਾਰ ਖਿਡਾਰਨ ਜਸ਼ਨਦੀਪ ਕੌਰ ਬੈਦਵਾਨ ਦਾ ਯੂਥ ਆਫ ਪੰਜਾਬ ਅਤੇ ਬਾਬਾ ਬਾਲ ਭਾਰਤੀ ਸੇਵਾ ਕਮੇਟੀ ਮਟੌਰ ਵਲੋਂ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ| ਜਸ਼ਨਦੀਪ ਕੌਰ ਇਸ ਵੇਲੇ ਮਾਨਵ ਮੰਗਲ ਸਕੂਲ ਵਿੱਚ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ|
ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਰਕਾਰਾਂ ਬੇਸ਼ੱਕ ਵੱਡੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਾਰਜਸ਼ੀਲ ਹਨ ਪਰ ਕਿਤੇ ਨਾ ਕਿਤੇ ਫੇਰ ਵੀ ਛੋਟੀ ਉਮਰ ਦੇ ਖਿਡਾਰੀਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਈ ਵਾਰ ਯੋਗ ਖਿਡਾਰੀਆਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਇਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਇਹਨਾਂ ਛੋਟੀ ਉਮਰ ਦੇ ਖਿਡਾਰੀਆਂ ਦਾ ਵੀ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਭਵਿੱਖ ਵਿੱਚ ਵੀ ਪੀ.ਟੀ. ਊਸ਼ਾ ਅਤੇ ਮਿਲਖਾ ਸਿੰਘ ਵਰਗੇ ਖਿਡਾਰੀ ਦੇਖ ਸਕੀਏ ਜੋ ਸਾਡੇ ਦੇਸ਼ ਦਾ ਮਾਣ ਵਧਾ ਸਕਣ| ਉਹਨਾਂ ਕਿਹਾ ਕਿ ਅੱਜ ਜਸ਼ਨਦੀਪ ਕੌਰ ਬੈਦਵਾਨ ਨੇ ਇਕੱਲੇ ਆਪਣੇ ਪਰਿਵਾਰ ਦਾ ਨਹੀਂ ਸਗੋਂ ਪਿੰਡ ਦਾ ਵੀ ਮਾਣ ਵਧਾਇਆ ਹੈ| ਇਸ ਮੌਕੇ ਤੇ ਬੱਬੂ, ਜੱਗੀ ਧਨੋਆ, ਗੁਰਜੀਤ ਮਾਮਾ ਮਟੌਰ, ਰਵੀ ਪੈਂਤਪੁਰ, ਸਿਮਰਨ ਕੌਰ ਗਿੱਲ, ਸਨੇਹਾ ਅਗਰਵਾਲ, ਮਨਪ੍ਰੀਤ ਕੌਰ ਤੋਂ ਇਲਾਵਾ ਬਾਬਾ ਬਾਲ ਭਾਰਤੀ ਸੇਵਾ ਕਮੇਟੀ ਦੇ ਮੈਂਬਰ ਅਤੇ ਬੱਚੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ|

Leave a Reply

Your email address will not be published. Required fields are marked *