ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਨੇ ਕਰਵਾਇਆ ਵਿਰਾਸਤੀ ਅਖਾੜਾ

ਐਸ ਏ ਐਸ ਨਗਰ, 26 ਮਾਰਚ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਲੋਕ ਸੰਗੀਤ ਦਾ ਪ੍ਰੋਗਰਾਮ ਵਿਰਾਸਤੀ ਅਖਾੜਾ, ਫੇਜ਼-1 ਮੁਹਾਲੀ ਵਿਖੇ ਕਰਵਾਇਆ ਗਿਆ|
ਵਿਰਾਸਤੀ ਅਖਾੜੇ ਦੀ ਸ਼ੁਰੂਆਤ ਵਿੱਚ ਸ੍ਰੀ. ਬਲਕਾਰ ਸਿੱਧੂ ਰੰਗਕਰਮੀ ਨੇ ਸਮਾਜ ਵਿੱਚ ਤੇਜੀ ਨਾਲ ਆ ਰਹੇ ਨਿਘਾਰ ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨ ਦਾ ਸੁਨੇਹਾ ਦਿੱਤਾ|
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਐਮ.ਸੀ, ਮੁਹਾਲੀ ਨੇ ਕਿਹਾ ਕਿ ਅਜੋਕੇ ਗੰਧਲੇ ਹੁੰਦੇ ਸੱਭਿਆਚਾਰ ਲਈ ਇਹੋ ਜਿਹੇ ਵਿਰਾਸਤੀ ਅਖਾੜੇ ਮੀਲ ਪੱਥਰ ਸਾਬਤ ਹੋਣਗੇ ਤੇ ਇਹੋ ਜਿਹੇ ਪ੍ਰੋਗਰਾਮ ਮੁਹਾਲੀ ਦੇ ਹੋਰ ਹਿੱਸਿਆਂ ਵਿੱਚ ਵੀ ਕਰਵਾਏ ਜਾਣਗੇ|
ਅਖਾੜੇ ਦੀ ਸ਼ੁਰੂਆਤ ਵਿੱਚ ਸੁਖਬੀਰਪਾਲ ਕੌਰ ਅਦਾਕਾਰਾ ਅਤੇ ਅਨੂਰੀਤਪਾਲ ਕੌਰ ਨੇ ਕਵੀਤਾ ”ਦੁਸ਼ਮਣਾਂ ਤੇ ਕੀ ਗਿੱਲਾ ਐ” ਸੁਣਾਈ| ਫਿਰ ਲੋਕ ਸਾਜ ਢੋਲ, ਅਲਗੋਜ਼ੇ, ਤੂੰਬੀ, ਤੂਬਾ, ਢੰਡ, ਸਾਰੰਗੀ, ਬੁੰਗਚੂ, ਸੱਪ, ਚਿਮਟੇ ਆਦਿ ਨਾਲ ਕਰਮਜੀਤ ਸਿੰਘ ਬੰਗਾ ਦੀ ਕਮਾਨ ਹੇਠ ਬਲਬੀਰ ਚੰਦ, ਸੰਗਨਪ੍ਰੀਤ, ਹਰਮਨ ਗਿੱਲ, ਗਗਨਦੀਪ ਗੱਗੀ, ਸੌਨੂੰ, ਹਰਕੀਰਤ, ਜਸਦੀਪ ਆਦਿ ਨੇ ਚੰਗੇ ਰੰਗ ਬੰਨਿਆ ਤੇ ਵਾਰ, ਕਲੀਆ, ਲੋਕ ਗੀਤਾਂ, ਲੋਕ ਤੱਥ ਪੇਸ਼ ਕੀਤੇ| ਭੰਡਾਂ ਦੇ ਰੂਪ ਵਿੱਚ ਕਲਾਕਾਰ ਮਲਕੀਤ ਮਲੰਗਾ ਤੇ ਕਮਲ ਪਤੰਗਾ ਨੇ ਮਜਾਕੀਆਂ ਅੰਦਾਜ਼ ਨਾਲ ਵਿਗੜ ਰਹੇ ਮਾਹੌਲ ਅਤੇ ਵਿਰਸੇ ਨੂੰ ਬਚਾਉਣ ਲਈ ਤਾਕੀਦ ਕੀਤੀ| ਸਮਾਜ ਸੇਵੀ ਜੋੜੀ ਜਸਵੰਤ ਕੌਰ ਅਤੇ ਬਲਵੰਤ ਸਿੰਘ ਵੀ ਪ੍ਰੋਗਰਾਮ ਦਾ ਹਿੱਸਾ ਬਣੇ|
ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਨੀਨਾ ਫਿਲਮ ਕਲਾਕਾਰ ਵੱਲੋਂ ਰਾਜਬੀਰ ਬਾਵਾ ਦੀ ਲਿਖਤ ”ਅਸੀਂ ਵਿਰਸੇ ਦੇ ਕਾਤਲ ਨਹੀਂ ਕਹਾਂਵਾਂਗੇ” ਬੋਲ ਕੇ ਸਾਰਿਆਂ ਦਾ ਧੰਨਵਾਦ ਕੀਤਾ| ਇਸ ਪ੍ਰੋਗਰਾਮ ਵਿੱਚ ਅੰਮ੍ਰਿਤ ਪਾਲ ਸਿੰਘ ਫਿਲਮ ਕਲਾਕਾਰ, ਗੋਪਾਲ ਸ਼ਰਮਾ, ਸ. ਰਮਣੀਕ ਪੰਨੂ, ਸ. ਭੁਪਿੰਦਰ ਬੱਬਲ, ਜਸਬੀਰ ਜੱਸਾ, ਜਰਨੈਲ ਸਿੰਘ, ਰਾਜਵੀਰ ਬਾਵਾ, ਆਤਮਜੀਤ ਸਿੰਘ, ਸੰਜੀਵਨ ਸਿੰਘ ਇਪਟਾ ਜਨਰਲ ਸੈਕਟਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *