ਯੂ. ਐਨ. ਨੇ ਮਲਾਲਾ ਨੂੰ ਬਣਾਇਆ ਸ਼ਾਂਤੀ ਦੂਤ

ਸੰਯੁਕਤ ਰਾਸ਼ਟਰ, 11 ਅਪ੍ਰੈਲ (ਸ.ਬ.) ਸੰਯੁਕਤ ਰਾਸ਼ਟਰ (ਯੂ. ਐਨ.) ਨੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੂੰ ਸ਼ਾਂਤੀ ਦੂਤ ਬਣਾਇਆ ਹੈ| ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਨਿਊਯਾਰਕ ਹੈਡਕੁਆਰਟਰ ਵਿੱਚ ਇਕ ਪ੍ਰੋਗਰਾਮ ਦੌਰਾਨ 19 ਸਾਲਾ ਮਲਾਲਾ ਨੂੰ ਸ਼ਾਂਤੀ ਦੂਤ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ| ਇਸ ਦੌਰਾਨ ਗੁਤੇਰਸ ਨੇ ਕਿਹਾ ਕਿ ਮਲਾਲਾ ਯੂਸੁਫਜ਼ਈ ਦੀ ਔਰਤਾਂ, ਕੁੜੀਆਂ ਅਤੇ ਬਾਕੀ ਸਾਰੇ ਲੋਕਾਂ ਦੇ ਅਧਿਕਾਰਾਂ ਪ੍ਰਤੀ ਅਟੁੱਟ ਵਚਨਬੱਧਤਾ ਕਾਰਨ ਉਨ੍ਹਾਂ ਨੂੰ ਸ਼ਾਂਤੀ ਦੂਤ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ|
ਮਲਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਦੂਤ ਦੇ ਰੂਪ ਵਿੱਚ ਸਨਮਾਨਤ ਕੀਤਾ ਗਿਆ ਹੈ| ਇਸ ਮੌਕੇ ਮੈਂ ਫਿਰ ਤੋਂ ਸਾਰੀਆਂ ਕੁੜੀਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਦੀ ਅਪੀਲ ਕਰਦੀ ਹਾਂ|
ਉਨ੍ਹਾਂ ਕਿਹਾ ਕਿ ਸਿੱਖਿਆ ਸਾਰੇ ਬੱਚਿਆਂ ਦਾ ਅਧਿਕਾਰ ਹੈ, ਖਾਸ ਕਰ ਕੇ ਕੁੜੀਆਂ ਲਈ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ|
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਪੈਦਾ ਹੋਈ ਮਲਾਲਾ ਉਸ ਸਮੇਂ ਕੌਮਾਂਤਰੀ ਪੱਧਰ ਤੇ ਸੁਰਖੀਆਂ ਵਿੱਚ ਆਈ, ਜਦੋਂ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਲਈ ਲੜਦੇ ਹੋਏ 9 ਅਕਤੂਬਰ 2012 ਨੂੰ ਤਾਲਿਬਾਨ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ| ਮਲਾਲਾ ਨੇ ਤਾਲਿਬਾਨ ਤੋਂ ਕੁੜੀਆਂ ਦੀ ਸਿੱਖਿਆ ਤੇ ਲਾਈ ਗਈ ਪਾਬੰਦੀ ਦਾ ਵਿਰੋਧ ਕੀਤਾ ਸੀ|
ਯੂਸੁਫਜ਼ਈ ਨੂੰ ਸਾਲ 2014 ਵਿੱਚ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ| ਸਭ ਤੋਂ ਘੱਟ ਉਮਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਮਲਾਲਾ ਹੁਣ ਸਭ ਤੋਂ ਘੱਟ ਉਮਰ ਵਿੱਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਦੂਤ ਵੀ ਬਣ ਗਈ ਹੈ|

Leave a Reply

Your email address will not be published. Required fields are marked *