ਯੂ. ਐਨ. ਵਿੱਚ ਅੱਤਵਾਦ ਦੇ ਮੁੱਦੇ ਤੇ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਚਿਤਾਵਨੀ

ਨਿਊਯਾਰਕ, 20 ਦਸੰਬਰ (ਸ.ਬ.) ਸੰਯੁਕਤ ਰਾਸ਼ਟਰ (ਯੂ. ਐਨ.) ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਅੱਤਵਾਦ ਦੇ ਮੁੱਦੇ ਤੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਜੋ ਬੀਜੇਗਾ, ਉਹ ਹੀ ਕੱਟੇਗਾ| ਅਕਬਰੂਦੀਨ ਨੇ ਇਹ ਗੱਲ 13ਵੀਂ ਸਦੀ ਦੇ ਫਾਰਸੀ ਕਵੀ ਰੂਮੀ ਦੇ ਇਕ ਮਸ਼ਹੂਰ ਮੁਹਾਵਰੇ ਦਾ ਸੰਦਰਭ ਦਿੰਦੇ ਹੋਏ ਆਖੀ| ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਦੋਸਤ, ਜੇਕਰ ਤੇਰੇ ਅੰਦਰ ਜ਼ਰਾ ਜਿੰਨੀ ਵੀ ਸਮਝ ਹੈ ਤਾਂ ਸ਼ਾਂਤੀ ਦੇ ਬਿਨਾਂ ਕੁਝ ਹੋਰ ਉਗਾਉਣ ਦੀ ਕੋਸ਼ਿਸ਼ ਨਾ ਕਰ| ਅਕਬਰੂਦੀਨ ਨੇ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਸਰਹੱਦ ਤੋਂ ਪਾਰ ਅੱਤਵਾਦ ਨੂੰ ਸਪਾਂਸਰ ਕਰਨ ਦਾ ਨੁਕਸਾਨ ਉਸ ਨੂੰ ਵੀ ਝੱਲਣਾ ਪਵੇਗਾ ਅਤੇ ਉਹ ਜਿਹੋ ਜਿਹੀਆਂ ਹਰਕਤਾਂ ਕਰੇਗਾ, ਉਸੇ ਤਰ੍ਹਾਂ ਦਾ ਹੀ ਨਤੀਜਾ ਭੁਗਤੇਗਾ|
ਅਕਬਰੂਦੀਨ ਨੇ ਪਾਕਿਸਤਾਨ ਨੂੰ ਕਿਹਾ ਕਿ ਜੇਕਰ ਸਾਨੂੰ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਕਾਇਮ ਕਰਨੀ ਹੈ, ਤਾਂ ਉੱਥੇ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨਾਂ ਨੂੰ ਗੁਆਂਢੀ ਪਾਕਿਸਤਾਨ ਵਿੱਚ ਸੁਰੱਖਿਆ ਟਿਕਾਣਾ ਮੁਹੱਈਆ ਕਰਾਉਣਾ ਬੰਦ ਕਰਨਾ ਹੋਵੇਗਾ| ਅਕਬਰੂਦੀਨ ਨੇ ਕਿਹਾ ਕਿ ਇਹ ਅੱਤਵਾਦੀ ਸੰਗਠਨ ਕੌਮਾਂਤਰੀ ਕਾਨੂੰਨ ਦਾ ਉਲੰਘਣ ਕਰਦੇ ਹਨ|
ਜਿਕਰਯੋਗ ਹੈ ਕਿ ਅਫਗਾਨਿਸਤਾਨ ਵੀ ਕਈ ਵਾਰ ਖੁੱਲ੍ਹ ਕੇ ਕੌਮਾਂਤਰੀ ਮੰਚਾਂ ਤੇ ਪਾਕਿਸਤਾਨ ਨੂੰ ਚਿਤਾਵਨੀ ਦੇ ਚੁੱਕਾ ਹੈ| ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਹੋਏ ‘ਹਾਰਟ ਆਫ ਏਸ਼ੀਆ’ ਸੰਮੇਲਨ ਦੌਰਾਨ ਵੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿਸਤਾਨ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਸਰਹੱਦ ਤੋਂ ਪਾਰ ਅੱਤਵਾਦ ਫੈਲਾਉਣ ਵਿੱਚ ਆਪਣੀ ਜ਼ਮੀਨ ਦੀ ਵਰਤੋਂ ਨਾ ਕਰੇ| ਗਨੀ ਨੇ ਕਈ ਮੌਕਿਆਂ ਤੇ ਕਿਹਾ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੇ ਇੱਥੇ ਅੱਤਵਾਦੀਆਂ ਨੂੰ ਸੁਰੱਖਿਆ ਟਿਕਾਣਾ ਮੁਹੱਈਆ ਕਰਾਉਣਾ ਬੰਦ ਨਹੀਂ ਕਰਦਾ, ਉਦੋਂ ਤੱਕ ਅਫਗਾਨਿਸਤਾਨ ਵਿੱਚ ਸ਼ਾਂਤੀ ਕਾਇਮ ਨਹੀਂ ਹੋ ਸਕਦੀ ਹੈ|

Leave a Reply

Your email address will not be published. Required fields are marked *