ਯੂ.ਕੇ. ਦੀ ਅਦਾਲਤ ਵੱਲੋਂ ਅਪਰੇਸ਼ਨ ਬਲੂ ਸਟਾਰ ਨਾਲ ਸਬੰਧਿਤ ਦਸ਼ਤਾਵੇਜ ਜਨਤਕ ਕਰਨ ਦਾ ਫ਼ੈਸਲਾ ਸਲਾਘਾਯੋਗ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਐਸ. ਏ. ਐਸ ਨਗਰ, 13 ਜੂਨ (ਸ.ਬ.) ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂ. ਕੇ. ਦੀ ਅਦਾਲਤ ਵੱਲੋਂ ਅਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਨਾਲ ਸੰਬੰਧਤ ਦਸ਼ਤਾਵੇਜ਼ਾਂ ਵਾਲੀਆਂ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮਾਂ ਦੀ ਸਲਾਘਾ ਕੀਤੀ ਹੈ| ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਧਾਰਮਿਕ ਸਥਾਨ ਅਤੇ ਲੋਕਾਂ ਉੱਪਰ ਬ੍ਰਿਟੇਨ ਸਰਕਾਰ ਕੋਲੋਂ ਹਮਲੇ ਲਈ ਮੱਦਦ ਮੰਗਣਾ ਅਤੇ ਉਸ ਤੋਂ ਬਾਅਦ ਹਮਲੇ ਬਾਰੇ ਸਾਰੇ ਭੇਤਾਂ ਨੂੰ ਗੁਪਤ ਰੱਖਣ ਵਾਲਾ ਭੇਤ ਦੇਸ਼ ਦੀ ਪ੍ਰਭੂਸੱਤਾ ਨੂੰ ਸੱਟ ਮਾਰਦਾ ਹੈ| ਉਹਨਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਕੇ ਕਾਂਗਰਸ ਸਰਕਾਰ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ਼ ਕਰਵਾਉਣ ਲਈ ਵੀ ਜ਼ੋਰ ਪਾਉਣਗੇ| ਉਹਨਾਂ ਕਿਹਾ ਕਿ ਬੜ੍ਹੀ ਹੈਰਾਨੀ ਅਤੇ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਅੰਗਰੇਜ਼ਾਂ ਦੇ ਸ਼ਿਕੰਜੇ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਰਾਭਾ ਹਜ਼ਾਰਾਂ ਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਅੰਗਰੇਜ਼ਾਂ ਨੂੰ ਹੀ ਕਾਂਗਰਸ ਨੇ ਆਪਣੇ ਰਾਸ਼ਟਰੀ ਲਾਹੇ ਲੈਣ ਲਈ ਦੇਸ਼ ਦੀ ਪ੍ਰਭੂਸੱਤਾ ਨੂੰ ਵੇਚ ਦਿੱਤਾ| ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੰਗਰੇਜ਼ਾਂ ਨੂੰ ਭਜਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੀ ਸਿੱਖ ਕੌਮ ਦੇ ਸਰਵਉੱਚ ਧਾਰਮਿਕ ਅਸਥਾਨ ਉੱਪਰ ਹਮਲਾ ਕਰਨ ਲਈ ਕਾਂਗਰਸ ਵੱਲੋਂ ਬਰਤਾਨੀਆਂ ਸਰਕਾਰ ਕੋਲੋਂ ਲਈ ਮੱਦਦ ਦੇਸ਼ ਭਗਤ ਸਿੱਖ ਕੌਮ ਅਤੇ ਦੇਸ਼ ਨਾਲ ਸਭ ਤੋਂ ਵੱਡੀ ਗੱਦਾਰੀ ਹੈ| ਉਹਨਾਂ ਕਿਹਾ ਕਿ ਇਹਨਾਂ ਗੁਪਤ ਫਾਈਲਾਂ ਦੇ ਸਰਵਜਨਿਕ ਹੋਣ ਨਾਲ ਕਾਂਗਰਸ ਸਰਕਾਰ ਦਾ ਦੇਸ਼ਧ੍ਰੋਹੀ ਚਿਹਰਾ ਜੱਗ-ਜ਼ਾਹਰ ਹੋਵੇਗਾ|

Leave a Reply

Your email address will not be published. Required fields are marked *