ਯੂ. ਕੇ. ਵਿੱਚ ਭਾਰੀ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਚਿਤਾਵਨੀ ਜਾਰੀ

ਲੰਡਨ, 19 ਮਾਰਚ (ਸ.ਬ.) ਯੂ. ਕੇ. ਵਿੱਚ ਰਹਿੰਦੇ ਲੋਕਾਂ ਨੂੰ ਇਸ ਸਮੇਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸਮੇਂ ਇੱਥੇ ਭਾਰੀ ਬਰਫਬਾਰੀ ਪੈ ਰਹੀ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ| ਮੌਸਮ ਵਿਭਾਗ ਵਲੋਂ ਦੱਖਣੀ-ਪੱਛਮੀ ਇੰਗਲੈਂਡ ਵਿਚ ਐਂਬਰ ਐਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ| ਬਰਫਬਾਰੀ ਕਾਰਨ ਸੜਕਾਂ, ਰੇਲ ਅਤੇ ਹਵਾਈ ਆਵਾਜਾਈ ਵਿੱਚ ਲੱਗਭਗ ਠੱਪ ਹੋ ਗਈ ਹੈ|
ਕਈ ਉਡਾਣਾਂ ਨੂੰ ਰੱਦ ਕਰਨਾ ਪਿਆ| ਸੜਕਾਂ ਤੇ ਕਈ ਵਾਹਨ ਫਸ ਗਏ ਹਨ ਅਤੇ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ|
ਡਰਾਈਵਰ ਬਰਫ ਵਿੱਚ ਫਸੇ ਵਾਹਨਾਂ ਨੂੰ ਕੱਢਣ ਲਈ ਇਕ-ਦੂਜੇ ਦੀ ਮਦਦ ਕਰ ਰਹੇ ਹਨ| ਕਈ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਈ ਖੇਡ ਆਯੋਜਨ ਰੱਦ ਕਰ ਦਿੱਤੇ ਗਏ ਹਨ| ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਉਹ ਘਰਾਂ ਵਿੱਚੋਂ ਬਾਹਰ ਨਿਕਲਣ|
ਗ੍ਰੇਟ ਵੈਸਟਰਨ ਰੇਲਵੇ, ਸਾਊਥ-ਵੈਸਟਰਨ ਰੇਲਵੇ ਅਤੇ ਗ੍ਰੇਟ ਨੌਰਥਨ ਤੇ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਜ਼ਿਆਦਾਤਰ ਦੇਰ ਨਾਲ ਚੱਲਣਗੀਆਂ| ਕੁਝ ਥਾਵਾਂ ਤੇ 40 ਸੈਂਟੀਮੀਟਰ ਤੱਕ ਬਰਫ ਜੰਮ ਚੁੱਕੀ ਹੈ ਅਤੇ ਤਾਪਮਾਨ -10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ|
ਬਰਫਬਾਰੀ ਕਾਰਨ ਜ਼ਿਆਦਾਤਰ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ| ਪੁਲੀਸ ਦਾ ਕਹਿਣਾ ਹੈ ਕਿ ਬਚਾਅ ਅਧਿਕਾਰੀਆਂ ਵਲੋਂ ਸੜਕਾਂ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ| ਡੇਵਨ ਕਾਊਂਟੀ ਕੌਂਸਲ ਨੇ ਦਰਜਨਾਂ ਸਕੂਲ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ|

Leave a Reply

Your email address will not be published. Required fields are marked *