ਯੋਗ ਲਾਭਪਾਤਰੀਆਂ ਲਈ 30 ਜੂਨ ਤੱਕ ਪਖਾਨੇ ਬਣਵਾਉਣੇ ਲਾਜ਼ਮੀ : ਵਰਮਾ

ਐਸ.ਏ.ਐਸ ਨਗਰ, 11 ਜੂਨ (ਸ.ਬ.) ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪਿੰਡਾਂ ਵਿੱਚ ਜਿਹਨਾਂ ਯੋਗ ਲਾਭਪਾਤਰੀਆਂ ਨੂੰ ਪਖਾਨੇ ਬਣਾਉਣ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੀ ਪਹਿਲੀ ਜਾਂ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ| ਉਹਨਾਂ ਲਾਭਪਾਤਰੀਆਂ ਲਈ ਪਖਾਨਿਆਂ ਦਾ ਕੰਮ 30 ਜੂਨ 2018 ਤੱਕ ਪੂਰਾ ਕਰਵਾਉਣਾ ਲਾਜ਼ਮੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸ੍ਰੀ ਨਵਲ ਕਿਸ਼ੋਰ ਵਰਮਾ ਨੇ ਦੱਸਿਆ ਕਿ ਜੇਕਰ ਕੋਈ ਵੀ ਲਾਭਪਾਤਰੀ ਇਸ ਕੰਮ ਨੂੰ 30 ਜੂਨ 2018 ਤੱਕ ਪੂਰਾ ਨਹੀਂ ਕਰਦਾ ਤਾਂ ਲਾਭਪਾਤਰੀ ਨੂੰ ਦਿੱਤੀ ਗਈ ਰਾਸ਼ੀ 12 ਫੀਸਦ ਵਿਆਜ ਦਰ ਨਾਲ ਵਾਪਸ ਲੈ ਲਈ ਜਾਵੇਗੀ|
ਉਹਨਾਂ ਨੇ ਸਮੂਹ ਲਾਭਪਾਤਰੀਆਂ ਨੂੰ ਪਖਾਨੇ ਬਣਵਾਉਣ ਦਾ ਕੰਮ ਨਿਸ਼ਚਿਤ ਮਿਤੀ ਤੱਕ ਪੂਰਾ ਕਰਨ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਲਾਭਪਾਤਰੀ ਇਹ ਕੰਮ ਨੇਪਰੇ ਚਾੜ੍ਹ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਰਾਸ਼ੀ ਦਾ ਲਾਹਾ ਲੈਣ| ਉਹਨਾਂ ਦੱਸਿਆ ਕਿ ਬਲਾਕ ਖਰੜ ਸਬੰਧੀ ਵਧੇਰੇ ਜਾਣਕਾਰੀ ਲਈ ਉਪ ਮੰਡਲ ਇੰਜੀਨੀਅਰ ਦਲਜੀਤ ਸਿੰਘ ਅਤੇ ਉਪ ਮੰਡਲ ਇੰਜੀਨੀਅਰ ਸਿਮਰਨ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਇਸੇ ਤਰ੍ਹਾਂ ਬਲਾਕ ਮਾਜਰੀ ਲਈ ਵਧੇਰੇ ਜਾਣਕਾਰੀ ਲੈਣ ਲਈ ਵੀ ਉਪ ਮੰਡਲ ਇੰਜੀਨੀਅਰ ਦਲਜੀਤ ਸਿੰਘ ਨਾਲ ਅਤੇ ਬਲਾਕ ਡੇਰਾਬਸੀ ਲਈ ਉਪ ਮੰਡਲ ਇੰਜੀਨੀਅਰ ਪਰਵੀਨ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *