ਰਖੱੜੀ ਦੇ ਤਿਉਹਾਰ ਤੋਂ ਪਹਿਲਾਂ ਸੁੰਨੇ ਹਨ ਬਾਜਾਰ, ਦੁਕਾਨਦਾਰ ਕਰ ਰਹੇ ਹਨ ਗ੍ਰਾਹਕਾਂ ਦੀ ਉਡੀਕ

ਐਸ.ਏ.ਐਸ.ਨਗਰ, 30 ਜੁਲਾਈ (ਸ.ਬ.) ਇਸ ਵਾਰ ਰੱਖੜੀ ਦੇ ਤਿਓਹਾਰ ਮੌਕੇ ਲੱਗਣ ਵਾਲੀਆਂ ਰੋਣਕਾਂ ਤੇ ਵੀ ਕੋਰੋਨਾ ਮਾਹਾਂਮਾਰੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸਦੇ ਚਲਦੇ ਸ਼ਹਿਰ ਵਿੱਚ ਲੱਗੀਆਂ ਰੱਖੜੀ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਸੁੰਨੀਆ ਨਜਰ ਆ ਰਹੀਆਂ ਹਨ ਅਤੇ ਮਾਰਕੀਟਾਂ ਵਿੱਚ ਗ੍ਰਾਹਕ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਚਿਹਰੇ ਨਿਰਾਸ਼ ਹਨ| 
ਰੱਖੜੀ ਦੇ ਤਿਓਹਾਰ ਦੇ ਨੇੜੇ ਹਰ ਸਾਲ ਮਾਰਕੀਟ ਵਿੱਚ ਰੌਣਕਾਂ ਲੱਗਦੀਆਂ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਰੱਖੜੀਆਂ ਦੇ ਨਾਲ-ਨਾਲ ਮਿਠਾਈਆਂ, ਡ੍ਰਾਈ ਫਰੂਟ, ਚਾਕਲੇਟ ਜਾਂ ਹੋਰ ਕਈ ਤਰ੍ਹਾਂ ਦੇ ਤੋਹਫਿਆਂ ਦੀ ਖਰੀਦਦਾਰੀ ਕਰਨ ਲਈ ਬਾਜਾਰਾਂ ਵਿੱਚ ਪਹੁੰਚਦੇ ਸਨ ਪਰੰਤੂ ਇਸ ਵਾਰ ਮਾਰਕੀਟਾਂ ਪੂਰੀ ਤਰ੍ਹਾਂ ਸੁੰਨੀਆ ਦਿਖ ਰਹੀਆਂ ਹਨ ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਘਾਟੇ ਦਾ ਡਰ ਸਤਾ ਰਿਹਾ ਹੈ| 
ਕੋਰੋਨਾ ਮਹਾਂਮਾਰੀ ਦੇ ਚਲਦੇ ਦੁਕਾਨਦਾਰ ਪਹਿਲੇ ਤੋਂ ਹੀ ਆਰਥਿਕ ਮੰਦੀ ਦੇ ਦੌਰ ਤੋਂ ਗੁਜਰ ਰਹੇ ਹਨ ਅਤੇ ਉਨ੍ਹਾਂ ਨੂੰ ਤਿਓਹਾਰ ਮੌਕੇ ਹੀ ਕੁਝ ਆਸ ਬਣਦੀ ਦਿਖਾਈ ਦੇ ਰਹੀ ਸੀ ਜੋ ਕਿ ਹੁਣ ਘੱਟਦੀ ਜਾ ਰਹੀ ਹੈ| ਇਸਦਾ ਸਭਤੋਂ ਵੱਡਾ ਕਾਰਨ ਇਹ ਹੈ ਕਿ ਕੋਰੋਨਾ ਦੀ ਮਹਾਮਾਰੀ ਕਾਰਨ ਆਮ ਲੋਕਾਂ ਦੀ ਆਰਥਿਕ ਸਥਿਤੀ ਵੀ ਪੂਰੀ ਤਰ੍ਹਾਂ ਬੇਹਾਲ ਹੈ ਅਤੇ ਉਹਨਾਂ ਲਈ ਆਪਣੇ ਜਰੂਰੀ ਖਰਚੇ ਕੱਢਣੇ ਵੀ ਔਖੇ ਹੋ ਰਹੇ ਹਨ| ਅਜਿਹੇ ਵਿੱਚ ਜਿਆਦਾਤਰ ਲੋਕ ਸਿਰਫ ਜਰੂਰੀ ਵਸਤਾਂ ਦੀ ਖਰੀਦ ਲਈ ਹੀ ਘਰ੍ਹਾਂ ਤੋਂ ਬਾਹਰ ਨਿਕਲ ਕੇ ਬਾਜਾਰਾਂ ਵਿੱਚ ਪਹੁੰਚਦੇ ਹਨ|
ਪਿਛਲੇ ਦਿਨਾਂ ਦੌਰਾਨ ਕੋਰੋਨਾ ਦੇ ਪਾਜਿਟਿਵ ਕੇਸਾਂ ਵਿੱਚ ਆ ਰਹੇ ਵਾਧੇ ਦੇ ਕਾਰਨ ਵੀ ਆਮ ਲੋਕ ਮਾਰਕੀਟਾਂ ਦੀ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪੂਰੀ ਤਰ੍ਹਾਂ ਗੁਰੇਜ ਕਰ ਰਹੇ ਹਨ ਜਿਸ ਕਾਰਨ ਦੁਕਾਨਾਂ ਤੇ ਗ੍ਰਾਹਕਾਂ ਦੀ ਘਾਟ ਦਿਖ ਰਹੀ ਹੈ| ਇਸ ਵਾਰ ਜਿਆਦਾਤਰ ਲੋਕ ਰੱਖੜੀ ਬੰਨਣ ਜਾਂ ਬਨਵਾਉਣ ਲਈ ਜਾਣ ਦੀ ਬਜਾਇ ਡਾਕ ਰਾਹੀਂ ਰੱਖੜੀ ਭੇਜ ਰਹੇ ਹਨ ਕਿਉਂਕਿ ਬੱਸ ਸਰਵਿਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਵਿੱਚ ਪੂਰੀ ਸੱਪਸ਼ਟਤਾ ਨਹੀਂ ਦਿੱਖ ਰਹੀ ਅਤੇ ਦੂਰ-ਦੁਰਾਂਡੇ ਜਾਣ ਵਾਲੇ ਲੋਕ ਇਸ ਵਾਰ ਡਾਕ ਰਾਹੀਂ ਹੀ ਰੱਖੜੀਆਂ              ਭੇਜ ਰਹੇ ਹਨ|  

Leave a Reply

Your email address will not be published. Required fields are marked *