ਰਣਇੰਦਰ ਅਤੇ ਕੈਪਟਨ ਪਰਿਵਾਰ ਦੇ ਬਾਕੀ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਮੋਦੀ ਖ਼ਿਲਾਫ਼ ਮੂੰਹ ਨਹੀਂ ਖੋਲ੍ਹਦੇ ਕੈਪਟਨ : ਹਰਪਾਲ ਚੀਮਾ


ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਕਮਜ਼ੋਰ ਮੁੱਖ ਮੰਤਰੀ ਦਾ ਖ਼ਮਿਆਜ਼ਾ 
ਚੰਡੀਗੜ੍ਹ, 20 ਨਵੰਬਰ (ਸ.ਬ.) ਬੀਤੇ ਦਿਨੀਂ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੀ ਵੱਖ-ਵੱਖ ਕੇਸਾਂ ਵਿੱਚ ਕੀਤੀ ਪੁੱਛਗਿੱਛ ਨੂੰ ਲੈ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਕੇਸਾਂ ਵਿਚ ਪੁੱਛਗਿੱਛ ਹੋ ਰਹੀ ਹੈ, ਇਸ ਲਈ ਹੁਣ ਇਸ ਮਾਮਲੇ ਵਿੱਚ ਕਿਸੇ ਸਾਰਥਕ ਨਤੀਜੇ ਉਤੇ ਪਹੁੰਚਣਾ ਚਾਹੀਦਾ ਹੈ|
ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਪਰਿਵਾਰ ਉਤੇ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਹੀ ਨਰਿੰਦਰ ਮੋਦੀ ਕੈਪਟਨ ਦੀ ਬਾਂਹ ਮਰੋੜਨ ਵਿੱਚ ਕਾਮਯਾਬ ਹੋ ਰਹੇ ਹਨ ਅਤੇ ਇਸੇ ਕਾਰਨ ਮੁੱਖ ਮੰਤਰੀ ਕਿਸਾਨਾਂ ਦੇ ਹੱਕ ਵਿੱਚ ਇਸ ਲਈ ਕੋਈ ਫ਼ੈਸਲਾ ਨਹੀਂ ਲੈ ਰਹੇ| ਉਨ੍ਹਾਂ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ, ਪਤਨੀ ਅਤੇ ਬੇਟੇ ਦੇ ਸਵਿਸ ਬੈਂਕਾਂ ਦੇ ਕੇਸ ਅਤੇ ਹੋਰ ਵਿਦੇਸ਼ੀ ਹਵਾਲੇ ਦੇ ਮਾਮਲੇ ਦੇ ਕੇਸ ਖੁੱਲਣ ਦੇ ਡਰੋਂ ਹੀ ਕੈਪਟਨ ਅਮਰਿੰਦਰ ਹੁਣ ਤਕ ਕਿਸਾਨਾਂ ਦੇ ਮੁੱਦੇ ਹੱਲ ਕਰਾਉਣ ਲਈ ਮੋਦੀ ਉੱਤੇ ਦਬਾਅ ਪਾਉਣ ਜਾਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਮਿਲਣ ਤੋਂ ਕਤਰਾ ਰਹੇ ਹਨ| 
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਵਿਦੇਸ਼ੀ ਜਾਇਦਾਦਾਂ ਦਾ           ਵੇਰਵਾ ਜਨਤਕ ਕਰਨਾ ਚਾਹੀਦਾ ਹੈ| ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿਚ ਵੱਡਾ ਬਹੁਮਤ ਦੇ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ, ਪ੍ਰੰਤੂ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਦਬਾਅ ਕਾਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣ ਤੋਂ ਗੁਰੇਜ਼ ਕੀਤਾ ਹੈ|
ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਸਰਕਾਰ ਅਤੇ ਉਸ ਦੇ ਨੇਤਾ ਇਮਾਨਦਾਰ ਹੋਣ ਤਾਂ ਕੇਂਦਰ ਸਰਕਾਰ ਉਨ੍ਹਾਂ ਖ਼ਿਲਾਫ਼ ਕੁੱਝ ਵੀ ਨਹੀਂ ਕਰ ਸਕਦੀ| ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਬਕ ਸਿੱਖਣ ਜਿਹਨਾਂ ਨੇ ਇਮਾਨਦਾਰੀ ਦੇ ਰਾਹ ਤੇ ਚੱਲਦਿਆਂ ਲੋਕਾਂ ਦੇ ਹਿੱਤਾਂ ਨੂੰ ਦਾਅ ਤੇ ਨਹੀਂ ਲਗਾਇਆ|

Leave a Reply

Your email address will not be published. Required fields are marked *