ਰਵੀਕਾਂਤ ਸ਼ਰਮਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਸੀਟਾ ਵੀ ਭਾਜਪਾ ਨੂੰ ਮਿਲੀਆਂ
ਚੰਡੀਗੜ੍ਹ, 8 ਜਨਵਰੀ (ਸ.ਬ.) ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਸੀਟਾਂ ਤੇ ਭਾਜਪਾ ਦਾ ਕਬਜਾ ਕਾਇਮ ਹੈ। ਭਾਜਪਾ ਦੇ ਮੇਅਰ ਅਹੁਦੇ ਦੇ ਉਮੀਦਵਾਰ ਰਵੀਕਾਂਤ ਸ਼ਰਮਾ ਸ਼ਹਿਰ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਬਬਲਾ ਨਾਲ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੇਅਰ ਦੀ ਚੋਣ ਲਈ ਭਾਜਪਾ ਨੂੰ 17 ਅਤੇ ਕਾਂਗਰਸ ਨੂੰ 5 ਵੋਟਾਂ ਪਈਆਂ ਜਦੋਂਕਿ ਦੋ ਵੋਟਾਂ ਰੱਦ ਹੋ ਗਈਆਂ। ਇਸ ਦੌਰਾਨ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਨੇ ਇਹ ਕਹਿੰਦਿਆਂ ਵੋਟ ਪਾਉਣ ਤੋਂ ਨਾਂਹ ਕਰ ਦਿੱਤੀ ਕਿ ਉਹ ਕਿਸਾਨ ਸੰਘਰਸ਼ ਦੇ ਚਲਦਿਆਂ ਵੋਟ ਨਹੀਂ ਪਾਉਣਗੇ। ਮੇਅਰ ਦਾ ਕਾਰਜਕਾਲ ਇਕ ਸਾਲ ਦਾ ਹੋਵੇਗਾ।
ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਫਰਮੀਲਾ ਦੇਵੀ ਚੋਣ ਜਿੱਤ ਗਏ ਹਨ।