ਰਸੂਖਦਾਰਾਂ ਦੇ ਲਮਕਦੇ ਮਾਮਲਿਆਂ ਬਾਰੇ ਸੁਪਰੀਮ ਕੋਰਟ ਦੀ ਸਖਤੀ ਸੁਆਗਤਯੋਗ

ਸਾਡੇ ਦੇਸ਼ ਦੇ ਸਿਆਸਤਦਾਨ ਖੁਦ ਨੂੰ ਕਿਸੇ ਵੀ ਕਾਨੂੰਨ ਤੋਂ ਉੱਪਰ ਸਮਝਦੇ ਹਨ ਅਤੇ ਇਹਨਾਂ ਵਲੋਂ ਜਦੋਂ ਚਾਹੇ ਕਾਨੂੰਨ ਦੀ ਉਲੰਘਣਾ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ| ਦੇਸ਼ ਦੀ ਪਾਰਲੀਮੈਂਟ ਅਤੇ ਰਾਜਾਂ ਦੀਆਂ ਵਿਧਾਨਸਭਾਵਾਂ ਵਿੱਚ ਅਜਿਹੇ ਵੱਡੀ ਗਿਣਤੀ ਮੈਂਬਰ ਚੁਣੇ ਜਾਂਦੇ ਹਨ ਜਿਹਨਾਂ ਦੇ ਖਿਲਾਫ ਗੰਭੀਰ ਅਪਰਾਧਾਂ ਵਿੱਚ ਮਾਮਲੇ ਦਰਜ ਹੋਣ ਦੇ ਬਾਵਜੂਦ ਉਹ ਖੁੱਲੇਆਮ ਘੁੰਮਦੇ ਹਨ ਅਤੇ ਆਪਣੀਆਂ ਕਾਨੂੰਨ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ| 
ਇਸ ਦੌਰਾਨ ਦੇਸ਼ ਦੀ ਸੁਪਰੀਮ ਕੋਰਟ ਵਲੋਂ ਦੇਸ਼ ਦੇ ਵੱਖ ਵੱਖ ਸਿਆਸਤਦਾਨਾਂ ਖਿਲਾਫ ਚਲਦੇ ਮਾਮਲਿਆਂ ਦੇ ਸਾਲਾਂ ਬੱਧੀ ਅਦਾਲਤ ਵਿੱਚ ਲਮਕਦੇ ਰਹਿਣ ਵਾਲੇ ਮਾਮਲਿਆਂ ਬਾਰੇ ਸਖਤ ਰੁੱਖ ਅਪਣਾਉਂਦਿਆਂ ਅਜਿਹੇ ਸਾਰੇ ਮਾਮਲਿਆਂ ਬਾਰੇ ਛੇ ਹਫਤਿਆਂ ਵਿੱਚ ਰਿਪੋਰਟ ਮੰਗੀ ਹੈ ਜਿਹੜੇ ਪਿਛਲੇ ਕਈ ਸਾਲਾਂ ਤੋਂ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਸੁਣਵਾਈ ਅਤੇ ਫੈਸਲੇ ਦੀ ਉਡੀਕ ਕਰ ਰਹੇ ਹਨ| ਇਹਨਾਂ ਵਿੱਚੋਂ ਕੁੱਝ ਮਾਮਲੇ ਤਾਂ ਤਿੰਨ ਦਹਾਕੇ ਤੋਂ ਵੀ ਵੱਧ ਪੁਰਾਣੇ ਹਨ ਅਤੇ ਵੱਖ ਵੱਖ ਰਾਜਾਂ ਦੇ ਸਿਆਸਤਦਾਨਾਂ, ਮੌਜੂਦਾ ਅਤੇ ਸਾਬਕਾ ਮੈਂਬਰ ਪਾਰਲੀਮੈਂਟਾਂ ਅਤੇ ਵਿਧਾਇਕਾਂ ਨਾਲ ਜੁੜੇ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਕੇਸ ਲਮਕ ਬਸਤੇ ਵਿੱਚ ਪਏ ਹਨ ਜਿਹਨਾਂ ਤੇ ਕਈ ਸਾਲਾ ਤੋਂ ਕੋਈ ਸੁਣਵਾਈ ਤਕ ਨਹੀਂ ਹੋਈ ਹੈ| ਇਹਨਾਂ ਵਿੱਚ ਪੰਜਾਬ ਦੇ 35, ਹਰਿਆਣਾ ਦੇ 45 ਅਤੇ ਹਿਮਾਚਲ ਪ੍ਰਦੇਸ਼ ਦੇ 45 ਵੱਡੇ ਸਿਆਸਤਦਾਨਾਂ ਨਾਲ ਜੜੇ ਅਜਿਹੇ ਮਾਮਲੇ ਵੀ ਸ਼ਾਮਿਲ ਹਨ ਜਿਹੜੇ ਆਪਣੇ ਫੈਸਲੇ ਦੀ ਉਡੀਕ ਕਰ ਰਹੇ ਹਨ| 
ਦੇਸ਼ ਭਰ ਦੇ ਇਹਨਾਂ ਸਿਆਸਤਦਾਨਾਂ ਨਾਲ ਜੁੜੇ ਇਹਨਾਂ ਮਾਮਲਿਆਂ ਵਿੱਚ ਕਈ ਗੰਭੀਰ ਜੁਰਮਾਂ ਦੇ ਮਾਮਲੇ ਵੀ ਸ਼ਾਮਿਲ ਹਨ ਜਿਹਨਾਂ ਵਿੱਚ ਅਗਵਾ, ਕਤਲ, ਡਕੈਤੀ, ਬਲਾਤਕਾਰ, ਲੁੱਟ ਖੋਹ ਆਦਿ ਵਰਗੇ ਗੰਭੀਰ ਅਪਰਾਧ ਸ਼ਾਮਿਲ ਹਨ ਅਤੇ ਇਹਨਾਂ ਮਾਮਲਿਆਂ ਦਾ ਫੈਸਲਾ ਨਾ ਹੋਣ ਕਾਰਨ ਇਹ ਸਿਆਸਤਦਾਨ ਨਾ ਸਿਰਫ ਸਜਾ ਤੋਂ ਬਚੇ ਰਹਿੰਦੇ ਹਨ ਬਲਕਿ ਸਫੇਦਪੋਸ਼ ਬਣਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ| ਇਸ ਸੰਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਜਦੋਂ ਸੁਪਰੀਮ ਕੋਰਟ ਨੂੰ ਇਹ ਪਤਾ ਚਲਿਆ ਕਿ ਪੰਜਾਬ ਦੇ ਇੱਕ ਸਿਆਸਤਦਾਨ ਦਾ 37 ਸਾਲ ਪੁਰਾਣਾ ਮਾਮਲਾ ਹੁਣ ਤਕ ਪੈਂਡਿੰਗ ਹੈ ਤਾਂ ਮਾਣਯੋਗ ਅਦਾਲਤ ਵਿੱਚ ਪੰਜਾਬ ਸਰਕਾਰ ਵਲੋਂ ਪੇਸ਼ ਹੁੰਦੇ ਵਕੀਲ ਤੋਂ ਜਾਣਕਾਰੀ ਮੰਗੀ ਗਈ ਅਤੇ ਇਸ ਦੌਰਾਨ ਇਹ ਗੱਲ ਸਾਮ੍ਹਣੇ ਆਈ ਕਿ ਸਿਰਫ ਪੰਜਾਬ ਦੇ ਸਿਆਸਤਦਾਨਾਂ ਨਾਲ ਸੰਬੰਧਿਤ ਅਜਿਹੇ 35 ਕੇਸ ਹੁਣ ਵੀ ਅਦਾਲਤਾਂ ਵਿੱਚ ਪੈਂਡਿੰਗ ਚਲ ਰਹੇ ਹਨ ਅਤੇ ਜੇਕਰ ਦੇਸ਼ ਭਰ ਦੇ ਸਿਆਸਤਦਾਨਾਂ ਦੇ ਅਜਿਹੇ ਪੈਂਡਿੰਗ ਮਾਮਲਿਆਂ ਦੇ ਵੇਰਵੇ ਇਕੱਤਰ ਕੀਤੇ ਜਾਣ ਤਾਂ ਇਹ ਗਿਣਤੀ ਬਹੁਤ ਜਿਆਦਾ ਬਣਦੀ ਹੈ| 
ਇਹ ਜਾਣਕਾਰੀ ਦੱਸਦੀ ਹੈ ਕਿ ਸਾਡੇ ਦੇਸ਼ ਵਿਚਲੇ ਸਿਆਸਤਦਾਨ ਕਿੰਨੀ ਆਸਾਨੀ ਨਾਲ ਕਾਨੂੰਨ ਨੂੰ ਉਸਦੀਆਂ ਹੀ ਪੇਚੀਦਗੀਆਂ ਵਿੱਚ ਉਲਝਾ ਕੇ ਖੁਦ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ| ਇਹਨਾਂ ਉੱਪਰ ਚਲਣ ਵਾਲੇ ਕੇਸ ਸਾਲੋ ਸਾਲ (ਬਲਕਿ ਕਈ ਦਹਾਕਿਆਂ ਤੱਕ) ਲਮਕਦੇ ਰਹਿੰਦੇ ਹਨ ਅਤੇ ਇਹ ਸਿਆਸਤਦਾਨ ਪੂਰੇ ਐਸ਼ੋ ਆਰਾਮ ਨਾਲ ਆਪਣੀ ਜਿੰਦਗੀ ਬਸਰ ਕਰਦੇ ਰਹਿੰਦੇ ਹਨ| ਅਜਿਹੇ ਵੱਡੀ ਗਿਣਤੀ ਸਿਆਸਤਦਾਨ ਤਾਂ ਆਪਣੇ ਜੀਉਂਦੇ ਜੀਅ ਆਪਣੇ ਖਿਲਾਫ ਚਲ ਰਹੇ ਇਹਨਾਂ ਮਾਮਲਿਆਂ ਨੂੰ ਆਪਣੇ ਅੰਜਾਮ ਤਕ ਹੀ ਨਹੀਂ ਪਹੁੰਚਣ ਦਿੰਦੇ ਅਤੇ ਉਹਨਾਂ ਦੀ ਪੂਰੀ ਜਿੰਦਗੀ ਐਸ਼ੋ ਆਰਾਮ ਨਾਲ ਹੀ ਬੀਤਦੀ ਹੈ| 
ਇਸ ਤਰੀਕੇ ਨਾਲ ਕਾਨੂੰਨੀ ਪੇਚੀਦਗੀਆਂ ਦੇ ਸਹਾਰੇ ਖੁਦ ਨੂੰ ਸਜਾ ਤੋਂ ਬਚਾਉਣ ਵਾਲੇ ਅਜਿਹੇ ਤਮਾਮ ਸਿਆਸਤਦਾਨਾਂ ਵਲੋਂ ਕੀਤੇ ਅਪਰਾਧਾਂ ਦੇ ਮਾਮਲਿਆਂ ਨੂੰ ਇੱਕ ਤੋਂ ਬਾਅਦ ਇੱਕ ਅਦਾਲਤਾਂ ਵਿੱਚ ਲਮਕਾ ਕੇ ਰੱਖਣ ਦੀ ਇਸ ਕੋਸ਼ਿਸ਼ ਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਵਲੋਂ ਕੀਤੀ ਜਾ ਰਹੀ ਕਾਰਵਾਈ ਸੁਆਗਤਯੋਗ ਹੈ ਅਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਵਲੋਂ ਇਸ ਸੰਬੰਧੀ ਅਪਣਾਇਆ ਗਿਆ ਆਪਣਾ ਸਖਤ ਰੁੱਖ ਕਾਇਮ ਰੱਖਿਆ ਜਾਵੇਗਾ ਅਤੇ ਅਜਿਹੇ ਸਾਰੇ ਮਾਮਲਿਆਂ ਦੇ ਸਮਾਂਬੱਧ ਨਿਪਟਾਰੇ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਕੇ ਹੁਣ ਤਕ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਤਮਾਮ ਸਿਆਸਤਦਾਨਾਂ ਨੂੰ ਉਹਨਾਂ ਦੀ ਅਸਲ ਮੰਜਿਲ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਦੇਸ਼ ਵਾਸੀਆਂ ਦਾ ਕਾਨੂੰਨ ਤੇ ਭਰੋਸਾ ਕਾਇਮ               ਰਹੇ| 

Leave a Reply

Your email address will not be published. Required fields are marked *