ਰਸੂਖਦਾਰਾਂ ਨੇ ਸੜਕ ਤੇ ਨਾਜਾਇਜ਼ ਕਬਜੇ ਕਰਕੇ ਬਣਾਏ ਮਕਾਨ ਨਾਜਾਇਜ਼ ਕਬਜਿਆਂ ਕਾਰਨ ਸ਼ਾਹੀ ਮਾਜਰਾ ਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਰੁਕਿਆ


ਐਸ ਏ ਐਸ ਨਗਰ, 16 ਅਕਤੂਬਰ (ਜਸਵਿੰਦਰ ਸਿੰਘ) ਪਿੰਡ ਸ਼ਾਹੀ ਮਾਜਰਾ ਅਤੇ ਉਦਯੋਗਿਕ ਖੇਤਰ ਨੂੰ ਜਾਂਦੀ ਮੁੱਖ ਸੜਕ ਉਪਰ ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਲਗਭਗ 15 ਫੁੱਟ ਸੜਕ ਦੀ ਥਾਂ ਤੇ ਲੋਕਾਂ ਵਲੋਂ ਬਾਕਾਇਦਾ ਦੀਵਾਰਾਂ ਖੜ੍ਹੀਆਂ ਕਰਕੇ ਆਪਣੇ ਮਕਾਨਾਂ ਦੀ ਉਸਾਰੀ ਕਰ ਲਈ ਗਈ ਹੈ ਜਿਸ ਕਾਰਨ ਇਹ ਸੜਕ ਤੰਗ ਹੋ ਗਈ ਹੈ ਅਤੇ ਉਦਯੋਗਿਕ ਖੇਤਰ ਵਿੱਚ ਵੱਡੀਆਂ ਗੱਡੀਆਂ ਦਾ ਦਾਖਲਾ ਔਖਾ ਹੋ ਜਾਣ ਕਾਰਨ ਉਦਯੋਗਪਤੀਆਂ ਨੂੰ ਛੋਟੀਆਂ ਗੱਡੀਆਂ ਰਾਂਹੀ ਆਪਣਾ ਸਾਮਾਨ ਮੰਗਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਪਰੰਤੂ ਨਗਰ ਨਿਗਮ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਸਮਰਥ ਨਹੀਂ ਹੋ ਪਾ ਰਹੀ ਹੈ| 
ਇਸ ਥਾਂ ਤੇ ਨਗਰ ਨਿਗਮ ਵਲੋਂ ਸੜਕ ਦੀ ਥਾਂ ਤੇ ਪੇਖਰ ਬਲਾਕ ਲਗਾ ਕੇ ਸੜਕ ਨੂੰ ਚੌੜਾ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ ਪਰੰਤੂ ਇਸ ਸੜਕ ਦੀ ਥਾਂ ਤੇ ਬਣੇ ਮਕਾਨਾਂ ਕਾਰਨ ਇਹ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ| ਇਸ ਦੌਰਾਨ ਇਸ ਸੜਕ ਤੇ ਬਣਾਏ ਗਏ ਕਾਫੀ ਮਕਾਨਾਂ ਵਾਲਿਆਂ ਨੇ ਆਪਣੇ ਕਬਜੇ ਹਟਾ ਲਏ ਹਨ ਪਰੰਤੂ ਹੁਣੇ ਵੀ ਘੱਟੋ ਘੱਟ ਚਾਰ ਮਕਾਨ ਅਜਿਹੇ ਹਨ ਜਿਹਨਾਂ ਵਲੋਂ ਇਸ ਸੜਕ ਦਾ ਕਾਫੀ ਹਿੱਸਾ ਘੇਰਿਆ ਹੋਇਆ ਹੈ ਅਤੇ ਇਸ ਕਬਜੇ ਨੂੰ ਹਟਾਏ ਬਿਨਾ ਇੱਥੇ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਨਹੀਂ ਕੀਤਾ ਜਾ ਸਕਦਾ| 
ਇਸ ਸਬੰਧੀ ਅੱਜ ਮੌਕੇ ਤੇ ਸਥਾਨਕ ਉਦਯੋਗਪਤੀਆਂ ਨਾਲ ਇੱਕਠੇ  ਹੋਏ ਇਸ ਖੇਤਰ ਦੇ ਸਾਬਕਾ ਕੌਂਸਲਰ  ਅਸ਼ੋਕ ਝਾ ਨੇ ਕਿਹਾ ਕਿ ਇਸ ਸੜਕ ਨੂੰ ਚੌੜਾ ਕਰਨ ਲਈ ਉਹਨਾਂ ਵਲੋਂ ਪਿਛਲੇ ਸਾਲ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਇਸ ਥਾਂ ਤੇ ਪੇਵਰ ਬਲਾਕ ਲਗਾਉਣ ਦਾ ਕੰਮ ਪਾਸ ਕਰਵਾਇਆ ਗਿਆ ਸੀ, ਜੋ ਕਿਸੇ ਕਾਰਨ ਰੁਕ ਗਿਆ ਸੀ ਅਤੇ ਹੁਣ ਜਦੋਂ ਇਹ ਕੰਮ ਸ਼ੁਰੂ ਹੋਇਆ ਹੈ ਤਾਂ ਇਹ ਨਾਜਾਇਜ ਕਬਜੇ ਇਸਦੇ ਰਾਹ ਦੀ ਰੁਕਾਵਟ ਬਣ ਗਏ ਹਨ| ਉਹਨਾਂ ਕਿਹਾ ਕਿ ਇਸ ਸੜਕ ਤੇ ਜਿਆਦਾਤਰ ਵਿਅਕਤੀਆਂ ਵਲੋਂ ਸੜਕ ਉਪਰ ਕੀਤੇ ਆਪਣੇ ਕਬਜੇ ਹਟਾ ਲਏ ਗਏ ਹਨ ਪਰ ਚਾਰ ਪੰਜ ਵਿਅਕਤੀਆਂ (ਜਿਹਨਾਂ ਵਿਚ ਕੁਝ ਕਾਂਗਰਸੀ ਆਗੂ ਵੀ ਹਨ) ਵਲੋਂ ਸੜਕ ਉਪਰ ਕੀਤੇ ਕਬਜੇ  ਨਹੀਂ ਹਟਾਏ ਜਾ ਰਹੇ, ਜਿਸ ਕਾਰਨ ਪੇਵਰ ਲਗਾਉਣ ਦਾ ਕੰਮ ਫਿਰ ਰੁਕ ਗਿਆ ਹੈ| ਉਹਨਾਂ ਕਿਹਾ ਕਿ  ਉਹਨਾਂ ਨੇ               ਪੇਵਰ ਲਗਾਉਣ ਦਾ ਕੰਮ ਮੁੜ ਚਾਲੂ ਕਰਨ ਲਈ ਸਬੰਧਿਤ ਐਸ ਡੀ ਓ ਨਾਲ ਗਲਬਾਤ ਕੀਤੀ ਪਰ ਕੰਮ ਮੁੜ ਆਰੰਭ ਨਹੀਂ ਹੋ ਸਕਿਆ| 
ਇਸ ਮੌਕੇ ਗੱਲ ਕਰਦਿਆਂ ਉਦਯੋਗਪਤੀ ਦਲਜੀਤ ਸਿੰਘ ਆਨੰਦ, ਅਰੁਣ ਕੁਮਾਰ ਅਤੇ ਹੋਰਨਾਂ   ਨੇ ਕਿਹਾ ਕਿ ਜਦੋਂ ਉਹਨਾਂ ਨੇ ਇਸ ਥਾਂ ਪਲਾਟ ਲਏ ਸੀ ਤਾਂ  ਪੀ ਐਸ ਆਈ ਨੇ ਕਿਹਾ ਸੀ ਕਿ ਇਹਨਾਂ ਪਲਾਟਾਂ ਨੂੰ 60 ਫੁੱਟ ਚੌੜੀ ਸੜਕ ਦਿਤੀ                   ਜਾਵੇਗੀ| ਉਹਨਾਂ ਕਿਹਾ ਕਿ ਹੁਣ ਜਦੋਂ  ਉਹਨਾਂ ਨੂੰ ਆਪਣੀਆਂ ਫੈਕਟਰੀਆਂ ਦਾ ਮਾਲ ਜਾਂ ਕਿਸੇ ਹੋਰ ਇਲਾਕੇ ਤੋਂ ਮੰਗਵਾਇਆ ਮਾਲ ਫੈਕਟਰੀਆਂ ਵਿਚੋ ਲੋਡ ਕਰਨਾ ਜਾਂ ਉਤਾਰਨਾ ਹੁੰਦਾ ਹੈ ਤਾਂ ਵੱਡੇ ਵਾਹਨ ਉਹਨਾਂ ਦੀਆਂ ਫੈਕਟਰੀਆਂ ਤਕ ਨਹੀਂ ਪਹੁੰਚਦੇ, ਜਿਸ ਕਾਰਨ ਇਹ ਸਮਾਨ ਪਹਿਲਾਂ ਛੋਟੇ ਵਾਹਨਾਂ ਜਾਂ ਰੇਹੜਿਆਂ ਉਪਰ ਲੱਦਣਾ ਪੈਂਦਾ ਹੈ ਅਤੇ ਫਿਰ ਵੱਡੇ ਵਾਹਨਾਂ ਵਿਚ ਲੱਦ ਕੇ ਅੱਗੇ ਭੇਜਣਾ ਪੈਂਦਾ ਹੈ| ਇਸ ਤਰਾਂ ਇਹਨਾਂ ਉਦਯੋਗਪਤੀਆਂ ਨੂੰ ਡਬਲ ਲੇਬਰ ਅਤੇ ਫਾਲਤੂ ਖਰਚਾ ਪੈ ਜਾਂਦਾ ਹੈ| 
ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਰਾਤ ਵੇਲੇ ਸ਼ਾਹੀ ਮਾਜਰਾ ਦੇ ਵਸਨੀਕ ਉਹਨਾਂੰ ਦੀਆਂ ਫੈਕਟਰੀਆਂ ਦੇ ਗੇਟਾਂ ਅੱਗੇ ਆਪਣੇ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਰਕੇ ਸਵੇਰ ਵੇਲੇ ਉਦਯੋਗਪਤੀਆਂ ਨੂੰ ਆਪਣੀਆ ਫੈਕਟਰੀ ਖੋਲਣ ਵਿਚ ਵੀ ਕਾਫੀ ਸਮੱਸਿਆ ਆਉਂਦੀ ਹੈ|   
 ਇਸ ਮੌਕੇ ਉੱਥੇ ਮੌਜੂਦ ਇੱਕ ਦੁਕਾਨਦਾਰ  ਸੁਖਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਦੁਕਾਨ ਦੇ ਅੱਗੇ ਥੜਾ ਜਰੂਰ ਬਣਵਾਇਆ ਹੋਇਆ ਹੈ, ਪਰ ਕੁਝ ਕਾਂਗਰਸੀ ਆਗੂਆਂ ਨੇ ਤਾਂ ਸੜਕ ਦੀ ਥਾਂ ਉਪਰ ਹੀ ਕਬਜੇ ਕੀਤੇ ਹੋਏ ਹਨ| ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਇਹਨਾਂ  ਕਾਂਗਰਸੀ ਆਗੂਆਂ ਵਲੋਂ ਕੀਤੇ ਗਏ ਕਬਜੇ ਹਟਾ ਦਿੰਦਾ ਹੈ ਤਾਂ ਉਹ ਆਪਣੀ ਦੁਕਾਨ ਅੱਗੇ ਬਣਿਆ ਥੜਾ ਵੀ ਢਾਹ ਦੇਣਗੇ| 
ਸੰਪਰਕ ਕਰਨ ਤੇ ਨਗਰ ਨਿਗਮ ਦੇ ਐਸ ਡੀ ਓ ਸ੍ਰ. ਸੁਖਵਿੰਦਰ ਸਿੰਘ ਨੇ ਮੰਨਿਆ ਕਿ ਸੜਕ ਤੇ ਹੋਏ ਕਬਜਿਆਂ ਕਾਰਨ ਸੜਕ ਦਾ ਕੰਮ ਰੁਕਿਆ ਹੋਇਆ ਹੈ| ਉਹਨਾਂ ਕਿਹਾ ਕਿ ਇਸ ਸੰਬੰਧੀ ਨਿਗਮ ਵਲੋਂ ਸੜਕ ਦੀ ਚੌੜਾਈ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਸੜਕ ਵਾਲੀ ਥਾਂ ਤੇ ਬਣੇ ਪੱਕੇ ਕਬਜੇ ਢਾਹ ਕੇ ਉੱਥੇ ਸੜਕ ਬਣਵਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *