ਰਹੱਸਮਈ ਢੰਗ ਨਾਲ ਲਾਪਤਾ ਹੋਏ ਐਮ. ਐਚ370 ਜਹਾਜ਼ ਬਾਰੇ ਮਾਹਰਾਂ ਨੇ ਕੀਤਾ ਖੁਲਾਸਾ

ਕੁਆਲਾਲੰਪੁਰ/ਸਿਡਨੀ, 15 ਮਈ (ਸ.ਬ.) 8 ਮਾਰਚ 2014 ਨੂੰ ਮਲੇਸ਼ੀਆ ਜਹਾਜ਼ ਐਮ. ਐਚ370 ਜੋ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ, ਹੁਣ ਉਸ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ| ਜਹਾਜ਼ ਨੂੰ ਲੱਭਣ ਦੀ ਜਾਂਚ ਵਿੱਚ ਲੱਗੀ ਸੁਰੱਖਿਆ ਮਾਹਰਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਦੇ ਪਾਇਲਟ ਨੇ ਜਾਣ-ਬੁੱਝ ਕੇ ਜਹਾਜ਼ ਕਰੈਸ਼ ਕਰਵਾਇਆ ਸੀ| ਮਾਹਰਾਂ ਦੇ ਪੈਨਲ ਵਿਚ ਉਸ ਸ਼ਖਸ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਜਹਾਜ਼ ਦੀ ਖੋਜ ਵਿਚ ਆਪਣੀ ਜ਼ਿੰਦਗੀ ਦੇ ਦੋ ਸਾਲ ਲਾ ਦਿੱਤੇ|
ਜਾਂਚ ਦੇ ਮੁਖੀ ਮਾਰਟਿਨ ਡੋਲਨ ਨੇ ਕਿਹਾ ਕਿ ਇਹ ਸਭ ਸੋਚੀ-ਸਮਝੀ ਸਾਜਿਸ਼ ਸੀ, ਜਿਸ ਲਈ ਪੂਰੀ ਯੋਜਨਾ ਹੋਈ ਸੀ| ਮਾਹਰ ਮੰਨਦੇ ਹਨ ਕਿ ਜਹਾਜ਼ ਦੇ ਪਾਇਲਟ ਕੈਪਟਨ ਜ਼ਾਹਰੇ ਅਮਿਦ ਸ਼ਾਹ ਨੇ ਜਾਣ-ਬੁੱਝ ਕੇ ਆਪਣੇ ਨਾਲ ਅਜਿਹੇ ਪਾਇਲਟ ਨੂੰ ਰੱਖਿਆ ਸੀ, ਜਿਸ ਕੋਲ ਦੋ ਇੰਜਣ ਵਾਲਾ ਵੱਡਾ ਜਹਾਜ਼ ਬੋਇੰਗ-777 ਨੂੰ ਉਡਾਉਣ ਦਾ ਕੋਈ ਅਨੁਭਵ ਨਹੀਂ ਸੀ| ਡੋਲਨ ਮੁਤਾਬਕ ਉਨ੍ਹਾਂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਜ਼ਾਹਰੇ ਨੇ ਫਲਾਈਟ ਸਾਫਟਵੇਅਰ ਵਿੱਚ ਛੇੜਛਾੜ ਕਰ ਕੇ ਉਸ ਨੂੰ ਰਸਤੇ ਤੋਂ ਭਟਕਾਇਆ ਸੀ| ਇਸ ਜਹਾਜ਼ ਵਿੱਚ ਚੀਨੀ ਯਾਤਰੀਆਂ ਤੋਂ ਇਲਾਵਾ ਆਸਟ੍ਰੇਲੀਆਈ ਯਾਤਰੀ ਵੀ ਸਵਾਰ ਸਨ| ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਜਹਾਜ਼ ਦੀ ਭਾਲ ਵਿੱਚ ਮਦਦ ਕੀਤੀ ਪਰ ਸਾਲ 2017 ਵਿੱਚ ਇਸ ਖੋਜ ਨੂੰ ਬੰਦ ਕਰ ਦਿੱਤਾ ਗਿਆ ਸੀ| ਡੋਲਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਹਾਜ਼ ਨੂੰ ਕਰੈਸ਼ ਕਰਨ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਰਿਹਾ ਹੋਵੇਗਾ| ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਹੁਣ ਤੱਕ ਕੋਈ ਸੰਗਠਨ ਇਸ ਦੀ ਜ਼ਿੰਮੇਵਾਰੀ ਲੈ ਚੁੱਕਾ ਹੁੰਦਾ|
ਓਧਰ ਕੈਨੇਡਾ ਦੇ ਜਹਾਜ਼ ਕਰੈਸ਼ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਪਾਇਲਟ ਜ਼ਾਹਰੇ ਜਹਾਜ਼ ਨੂੰ ਕਰੈਸ਼ ਕਰਨ ਲਈ ਅਜਿਹੀ ਥਾਂ ਲੈ ਗਏ, ਜਿੱਥੇ ਹਵਾ ਦਾ ਦਬਾਅ ਘੱਟ ਸੀ| ਉਥੇ ਜਾ ਕੇ ਉਨ੍ਹਾਂ ਨੇ ਖੁਦ ਆਕਸੀਜਨ ਮਾਸਕ ਲਾਇਆ ਹੋਵੇਗਾ ਅਤੇ ਬਾਕੀ ਯਾਤਰੀ ਬੇਹੋਸ਼ ਹੋ ਗਏ ਹੋਣਗੇ| ਸ਼ਾਇਦ ਉਹ ਕਰੈਸ਼ ਹੋਣ ਤੋਂ ਪਹਿਲਾਂ ਹੀ ਜਹਾਜ਼ ਵਿਚੋਂ ਨਿਕਲ ਗਏ ਹੋਣਗੇ| ਜ਼ਾਹਰੇ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਮਾਹਰ ਫਿਲਹਾਲ ਕੁਝ ਨਹੀਂ ਕਹਿ ਸਕਦੇ|
ਦੱਸਣਯੋਗ ਹੈ ਕਿ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਮਲੇਸ਼ੀਅਨ ਏਅਰਲਾਈਨਜ਼ ਦਾ ਜਹਾਜ਼ ਬੋਇੰਗ-777 ਰਾਹ ਵਿਚ ਹੀ ਗਾਇਬ ਹੋ ਗਿਆ ਸੀ| ਜਹਾਜ਼ ਵਿਚ ਕੁੱਲ 239 ਯਾਤਰੀ ਸਵਾਰ ਸਨ| ਇਸ ਲਾਪਤਾ ਜਹਾਜ਼ ਨੂੰ ਲੱਭਣ ਲਈ ਹੁਣ ਤੱਕ 1000 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ ਹੈ|

Leave a Reply

Your email address will not be published. Required fields are marked *