ਰਾਕੇਸ਼ ਅਸਥਾਨਾ ਨੂੰ ਝਟਕਾ, ਕੋਰਟ ਨੇ ਦਿੱਤੇ ਜਾਂਚ ਜਾਰੀ ਰੱਖਣ ਦੇ ਆਦੇਸ਼

ਨਵੀਂ ਦਿੱਲੀ, 11 ਜਨਵਰੀ (ਸ.ਬ.) ਦਿੱਲੀ ਹਾਈ ਕੋਰਟ ਤੋਂ ਸੀ.ਬੀ.ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਤਗੜਾ ਝਟਕਾ ਲੱਗਾ ਹੈ| ਹਾਈ ਕੋਰਟ ਨੇ ਅਸਥਾਨਾ ਦੇ ਖਿਲਾਫ ਜਾਂਚ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ| ਜ਼ਿਕਰਯੋਗ ਹੈ ਕਿ ਅਸਥਾਨਾ ਦੇ ਖਿਲਾਫ ਸਾਬਕਾ ਸੀ.ਬੀ.ਆਈ. ਚੀਫ ਆਲੋਕ ਵਰਮਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਸੀ| ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਸਥਾਨਾ ਦੇ ਖਿਲਾਫ ਜਾਂਚ ਜਾਰੀ ਰਹੇਗੀ| ਕੋਰਟ ਨੇ ਅਸਥਾਨਾ ਅਤੇ ਡੀ.ਐਸ.ਪੀ. ਦੇਵੇਂਦਰ ਕੁਮਾਰ ਦੀ ਐਫ.ਆਈ.ਆਰ. ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ|
ਕੋਰਟ ਨੇ ਸੀ.ਬੀ.ਆਈ. ਨੂੰ ਅਸਥਾਨਾ ਅਤੇ ਦੇਵੇਂਦਰ ਕੁਮਾਰ ਦੇ ਖਿਲਾਫ 10 ਹਫਤਿਆਂ ਵਿੱਚ ਜਾਂਚ ਪੂਰੀ ਕਰਨ ਦਾ ਆਦੇਸ਼ ਦਿੱਤਾ| ਕੋਰਟ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਕ ਲੋਕ ਸੇਵਕ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾਣੀ ਚਿੰਤਾ ਅਤੇ ਤਣਾਅ ਦਾ ਕਾਰਨ ਹੋਵੇਗਾ| ਐਫ.ਆਈ.ਆਰ. ਵਿੱਚ ਜਿਸ ਤਰ੍ਹਾਂ ਦੇ ਦੋਸ਼ ਹਨ, ਉਸ ਦੀ ਜਾਂਚ ਜ਼ਰੂਰੀ ਹੈ| ਜਦੋਂ ਤੱਕ ਕੋਈ ਵਿਅਕਤੀ ਦੋਸ਼ੀ ਸਾਬਤ ਨਹੀਂ ਹੋ ਜਾਂਦਾ, ਉਦੋਂ ਤੱਕ ਕਾਨੂੰਨ ਦੀ ਨਜ਼ਰ ਵਿੱਚ ਉਹ ਨਿਰਦੋਸ਼ ਹੈ| ਅਸਥਾਨਾ ਨੇ ਗ੍ਰਿਫਤਾਰੀ ਤੋਂ ਬਚਣ ਲਈ 2 ਹਫਤਿਆਂ ਦੀ ਰੋਕ ਦੀ ਮੰਗ ਕੀਤੀ ਹੈ| ਜ਼ਿਕਰਯੋਗ ਹੈ ਕਿ ਹੈਦਰਾਬਾਦ ਦੇ ਬਿਜ਼ਨੈਸਮੈਨ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ ਤੇ ਅਸਥਾਨਾ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਸੀ| ਐਫ.ਆਈ.ਆਰ. ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੀ.ਬੀ.ਆਈ. ਸਪੈਸ਼ਲ ਡਾਇਰੈਕਟਰ ਨੂੰ ਪਿਛਲੇ ਸਾਲ ਲਗਭਗ 3 ਕਰੋੜ ਰੁਪਏ ਦਿੱਤੇ ਸਨ| ਜ਼ਿਕਰਯੋਗ ਹੈ ਕਿ ਅਸਥਾਨਾ ਤੇ ਦੋਸ਼ ਹੈ ਕਿ ਉਹ ਜਿਸ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਦੇ ਖਿਲਾਫ ਇਕ ਮਾਮਲੇ ਦੀ ਜਾਂਚ ਕਰ ਰਹੇ ਸਨ, ਉਸ ਤੋਂ ਉਨ੍ਹਾਂ ਨੇ ਰਿਸ਼ਵਤ ਲਈ|

Leave a Reply

Your email address will not be published. Required fields are marked *