ਰਾਖਵਾਂਕਰਨ ਅੰਦੋਲਨ ਦੇ ਭਿਆਨਕ ਨਤੀਜੇ

ਮਹਾਰਾਸ਼ਟਰ ਵਿੱਚ ਮਰਾਠਾ ਭਾਈਚਾਰੇ ਦੇ ਸੰਗਠਨ ਮਰਾਠਾ ਕ੍ਰਾਂਤੀ ਮੋਰਚਾ ਵਲੋਂ ਮੁੰਬਈ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਬੁਲਾਏ ਗਏ ਬੰਦ ਦੇ ਦੌਰਾਨ ਜਿਸ ਤਰ੍ਹਾਂ ਹਿੰਸਾ ਦਾ ਪ੍ਰਦਰਸ਼ਨ ਕੀਤਾ ਗਿਆ, ਉਸ ਨਾਲ ਇਹੀ ਪਤਾ ਚੱਲਦਾ ਹੈ ਕਿ ਰਾਖਵਾਂਕਰਨ ਦੇ ਨਾਮ ਤੇ ਅਰਾਜਕਤਾ ਫੈਲਾਉਣ ਦੀ ਪ੍ਰਵ੍ਰਿਤੀ ਵੱਧਦੀ ਜਾ ਰਹੀ ਹੈ| ਆਪਣੇ ਭਾਈਚਾਰੇ ਲਈ ਰਾਖਾਵਾਂਕਰਨ ਮੰਗ ਰਹੇ ਮਰਾਠਾ ਨੇਤਾ ਚੰਗੀ ਤਰ੍ਹਾਂ ਇਹ ਜਾਣਦੇ ਸਨ ਕਿ ਉਨ੍ਹਾਂ ਦਾ ਅੰਦੋਲਨ ਹਿੰਸਕ ਹੁੰਦਾ ਜਾ ਰਿਹਾ ਹੈ, ਪਰੰਤੂ ਉਹ ਉਦੋਂ ਚੇਤੰਨ ਹੋਏ, ਜਦੋਂ ਉਨ੍ਹਾਂ ਦੇ ਸਮਰਥਕਾਂ ਦੀ ਹਿੰਸਾ ਬੇਕਾਬੂ ਹੋ ਗਈ| ਇਸ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਰਾਖਵਾਂਕਰਨ ਮੰਗਣ ਨਿਕਲੇ ਮਰਾਠਾ ਕ੍ਰਾਂਤੀ ਮੋਰਚਾ ਨੇ ਬੰਦ ਦੀ ਅਪੀਲ ਵਾਪਸ ਲੈ ਲਈ, ਕਿਉਂਕਿ ਜਦੋਂ ਤੱਕ ਉਸਨੇ ਅਜਿਹਾ ਕੀਤਾ, ਉਦੋਂ ਤੱਕ ਮੁੰਬਈ ਦੇ ਨਾਲ – ਨਾਲ ਹੋਰ ਸ਼ਹਿਰਾਂ ਵਿੱਚ ਵੱਡੇ ਪੱਧਰ ਤੇ ਤੋੜਫੋੜ ਅਤੇ ਅੱਗਾਂ ਲੱਗ ਚੁੱਕੀਆਂ ਸਨ| ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਅਤੇ ਸਰਕਾਰੀ ਅਤੇ ਗੈਰਸਰਕਾਰੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਿਆ| ਰੇਲ ਅਤੇ ਸੜਕ ਮਾਰਗ ਠਪ ਕਰਕੇ ਵਾਹਨਾਂ ਵਿੱਚ ਤੋੜਫੋੜ ਕਰਨਾ ਅਤੇ ਪੁਲੀਸ ਨੂੰ ਨਿਸ਼ਾਨਾ ਬਣਾਉਣਾ ਅਰਾਜਕਤਾ ਤੋਂ ਇਲਾਵਾ ਹੋਰ ਕੁੱਝ ਨਹੀਂ| ਰਾਖਵਾਂਕਰਨ ਦੇ ਇਸ ਅੰਦੋਲਨ ਵਿੱਚ ਜਿਹੋ ਜਿਹਾ ਉਤਪਾਤ ਦੇਖਣ ਨੂੰ ਮਿਲਿਆ, ਉਹੋ ਜਿਹਾ ਹੀ ਕੁੱਝ ਇਸੇ ਤਰ੍ਹਾਂ ਦੇ ਹੋਰ ਅੰਦੋਲਨਾਂ ਵਿੱਚ ਵੀ ਦੇਖਣ ਨੂੰ ਮਿਲ ਚੁੱਕਿਆ ਹੈ| ਉਸ ਹਿੰਸਾ ਨੂੰ ਭਲਾ ਕੌਣ ਭੁੱਲ ਸਕਦਾ ਹੈ ਜੋ ਜਾਟ, ਪਾਟੀਦਾਰ, ਗੁੱਜਰ ਅਤੇ ਕਾਪੂ ਭਾਈਚਾਰੇ ਦੇ ਰਾਖਵਾਂਕਰਨ ਅੰਦੋਲਨ ਦੇ ਦੌਰਾਨ ਵੱਖ ਵੱਖ ਰਾਜਾਂ ਵਿੱਚ ਦੇਖਣ ਨੂੰ ਮਿਲੀ? ਭਾਵੇਂ ਹੀ ਰਾਖਵਾਂਕਰਨ ਮੰਗਣ ਸੜਕਾਂ ਤੇ ਉਤਰੇ ਸੰਗਠਨ ਆਪਣੀ ਗਤੀਵਿਧੀ ਨੂੰ ਅੰਦੋਲਨ ਦਾ ਨਾਮ ਦਿੰਦੇ ਹੋਣ ਪਰੰਤੂ ਸੱਚ ਇਹ ਹੈ ਕਿ ਇਸਦੇ ਬਹਾਨੇ ਉਹ ਅਰਾਜਕਤਾ ਫੈਲਾ ਕੇ ਸਰਕਾਰ ਤੇ ਅਨੁਚਿਤ ਦਬਾਅ ਪਾਉਂਦੇ ਹਨ| ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਹੋਰ ਰਾਜਨੀਤਕ ਦਲ ਅਜਿਹੇ ਅੰਦੋਲਨਾਂ ਨੂੰ ਹਵਾ ਦਿੰਦੇ ਹਨ|
ਇਹ ਲਗਭਗ ਤੈਅ ਹੈ ਕਿ ਜਿਵੇਂ – ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ, ਰਾਖਵਾਂਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸੜਕਾਂ ਤੇ ਹਿੰਸਕ ਤਰੀਕੇ ਨਾਲ ਉਤਰਨ ਵਾਲੇ ਸੰਗਠਨਾਂ ਦੀ ਗਿਣਤੀ ਵੱਧਦੀ ਜਾਵੇਗੀ| ਇਸ ਵਿੱਚ ਸ਼ੱਕ ਨਹੀਂ ਕਿ ਮਹਾਰਾਸ਼ਟਰ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਣ ਵਾਲੇ ਮਰਾਠਾ ਭਾਈਚਾਰੇ ਨੂੰ ਉਕਸਾਉਣ ਦਾ ਕੰਮ ਵੱਖ-ਵੱਖ ਰਾਜਨੀਤਿਕ ਦਲ ਕਰ ਰਹੇ ਹਨ| ਪਹਿਲਾਂ ਰਾਜਨੀਤਕ ਦਲ ਵੋਟਾਂ ਦੇ ਲਾਲਚ ਵਿੱਚ ਹਰ ਕਿਸੇ ਦੇ ਰਾਖਵਾਂਕਰਨ ਦੀ ਮੰਗ ਦਾ ਸਮਰਥਨ ਕਰਨ ਅੱਗੇ ਆ ਜਾਂਦੇ ਸਨ ਪਰੰਤੂ ਹੁਣ ਉਹ ਇਸ ਲਈ ਵੀ ਅੱਗੇ ਆ ਜਾਂਦੇ ਹਨ ਤਾਂ ਕਿ ਸੱਤਾਧਾਰੀ ਦਲ ਨੂੰ ਮੁਸ਼ਕਿਲ ਵਿੱਚ ਪਾਇਆ ਜਾ ਸਕੇ| ਇਸ ਲਈ ਰਾਖਵਾਂਕਰਨ ਮੰਗਣ ਵਾਲੇ ਹਿੰਸਾ ਦਾ ਸਹਾਰਾ ਲੈਣ ਵਿੱਚ ਸੰਕੋਚ ਨਹੀਂ ਕਰਦੇ| ਰਾਖਵਾਂਕਰਨ ਮੰਗ ਰਹੇ ਭਾਈਚਾਰੇ ਹੀ ਨਹੀਂ, ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਦਲ ਵੀ ਇਸ ਸੱਚਾਈ ਤੋਂ ਭਲੀਭਾਂਤੀ ਵਾਕਫ਼ ਹਨ ਕਿ ਹਰ ਤਬਕੇ ਨੂੰ ਰਾਖਵਾਂਕਰਨ ਨਹੀਂ ਮਿਲ ਸਕਦਾ ਅਤੇ ਉਹ ਉਨ੍ਹਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਨਹੀਂ, ਪਰੰਤੂ ਉਹ ਇਸ ਸੱਚ ਨੂੰ ਦਰਸਾਉਣ ਨੂੰ ਤਿਆਰ ਨਹੀਂ | ਕਈ ਵਾਰ ਤਾਂ ਉਹ ਨਿਯਮ – ਕਾਨੂੰਨ ਅਤੇ ਇੱਥੇ ਤੱਕ ਕਿ ਅਦਾਲਤੀ ਹੁਕਮਾਂ ਦੇ ਖਿਲਾਫ ਜਾ ਕੇ ਵੀ ਰਾਖਵਾਂਕਰਨ ਦੀ ਕੋਸ਼ਿਸ਼ ਕਰਨ ਲੱਗਦੇ ਹਨ| ਮਰਾਠਾ ਭਾਈਚਾਰਾ ਇੱਕ ਤਾਂ ਰਾਖਵਾਂਕਰਨ ਦੇ ਦਾਇਰੇ ਵਿੱਚ ਆਉਣ ਦੀ ਯੋਗਤਾ ਨਹੀਂ ਰੱਖਦਾ ਅਤੇ ਫਿਰ ਅਦਾਲਤੀ ਹੁਕਮ ਦੇ ਤਹਿਤ ਜਦੋਂ ਤੱਕ ਪਿਛੜਾ ਵਰਗ ਕਮਿਸ਼ਨ ਇਸ ਭਾਈਚਾਰੇ ਦੀ ਆਰਥਿਕ – ਸਮਾਜਿਕ ਹਾਲਤ ਤੇ ਆਪਣੀ ਰਿਪੋਰਟ ਨਹੀਂ ਦੇ ਦਿੰਦਾ, ਉਦੋਂ ਤੱਕ ਮਹਾਰਾਸ਼ਟਰ ਸਰਕਾਰ ਚਾਹ ਕੇ ਵੀ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕਦੀ| ਇਸ ਦੇ ਬਾਵਜੂਦ ਮਰਾਠਾ ਕ੍ਰਾਂਤੀ ਮੋਰਚਾ ਜਿਦ ਤੇ ਅੜਿਆ ਹੈ ਕਿ ਰਾਜ ਸਰਕਾਰ ਨੋਟੀਫਿਕੇਸ਼ਨ ਰਾਹੀਂ ਉਨ੍ਹਾਂ ਦੇ ਭਾਈਚਾਰੇ ਲਈ ਰਾਖਵਾਂਕਰਨ ਦੀ ਘੋਸ਼ਣਾ ਕਰੇ, ਉਹ ਵੀ 16 ਫ਼ੀਸਦੀ| ਇਹ ਜੋਰ – ਜਬਰਦਸਤੀ ਦੇ ਸਿਵਾਏ ਕੁੱਝ ਨਹੀਂ|
ਮਨੋਜ ਤਿਵਾਰੀ

Leave a Reply

Your email address will not be published. Required fields are marked *