ਰਾਖਵਾਂਕਰਨ ਆਰਥਿਕ ਆਧਾਰ ਤੇ ਦੇਣ ਦੀ ਮੰਗ

ਐਸ ਏ ਐਸ ਨਗਰ, 4 ਅਗਸਤ (ਸ.ਬ.) ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੁਹਾਲੀ ਇਕਾਈ ਦੇ ਆਗੂਆਂ ਜ਼ਸਵੀਰ ਸਿੰਘ ਗੜਾਂਗ, ਸੁਰਜੀਤ ਸ਼ਰਮਾ, ਗੁਰਮਨਜੀਤ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਅਤੇ ਰਕੇਸ਼ ਕੁਮਾਰ ਨੇ ਕਿਹਾ ਕਿ ਰਾਖਵੇਂਕਰਨ ਦਾ ਲਾਭ ਅਨੁਸੂਚਿਤ ਜਾਤੀ ਦੇ ਮੁੱਠੀ ਭਰ ਅਮੀਰ ਲੋਕ ਹੀ ਪੀੜ੍ਹੀ ਦਰ ਪੀੜ੍ਹੀ ਲੈ ਰਹੇ ਹਨ ਜਦੋਂਕਿ ਉਨ੍ਹਾਂ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋ ਚੁੱਕਿਆ ਹੈ, ਉਨ੍ਹਾਂ ਪਰਿਵਾਰਾਂ ਨੂੰ ਰਾਖਵੇਂਕਰਨ ਜਾਂ ਹੋਰ ਸਹੂਲਤਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ| ਉਨ੍ਹਾਂ ਦੇ ਬੱਚੇ ਵੀ ਚੰਗੇ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਗਰੀਬ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਬੱਚੇ ਕਿਸੇ ਵੀ ਕੀਮਤ ਵਿੱਚ ਨਹੀਂ ਕਰ ਸਕਦੇ| ਜਿਸ ਕਾਰਨ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਅਤੇ ਨੌਕਰੀਆਂ ਅਮੀਰ ਅਨੁਸੂਚਿਤ ਜਾਤੀ ਦੇ ਲੋਕ ਹੀ ਵਾਰ-ਵਾਰ ਲੈ ਰਹੇ ਹਨ| ਸਮੇਂ ਦੀ ਲੋੜ ਇਹ ਹੈ ਕਿ ਅਨੁਸੂਚਿਤ ਜਾਤੀ ਦੇ ਗਰੀਬਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਅਨੁਸੂਚਿਤ ਜਾਤੀ ਦੇ ਅਮੀਰਾਂ ਨੂੰ ਮਿਲਣ ਵਾਲੇ ਲਾਭ ਬੰਦ ਹੋਣ ਅਤੇ ਕਿਸੇ ਵੀ ਪਰਿਵਾਰ ਨੂੰ ਇੱਕ ਵਾਰੀ ਤੋਂ ਵੱਧ ਰਾਖਵਾਂਕਰਨ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ| ਅਨੁਸੂਚਿਤ ਜਾਤੀ ਦੇ ਅਮੀਰ ਲੋਕ ਦੱਬੇ ਕੁਚਲੇ ਅਤੇ ਦਲਿਤਾਂ ਦਾ ਢੰਢੋਰਾ ਪਿੱਟ ਕੇ ਸਿਰਫ ਆਪਣਾ ਉਲੂ ਸਿੱਧਾ ਕਰ ਰਹੇ ਹਨ| ਜੇ ਉਨ੍ਹਾਂ ਨੂੰ ਆਪਣੇ ਗਰੀਬ ਭਾਈਚਾਰੇ ਦੀ ਚਿੰਤਾ ਹੋਵੇ ਤਾਂ ਇਹ ਅਨੰਦ ਮਾਣ ਰਹੇ ਅਮੀਰ ਲੋਕ ਵੀ ਜਨਰਲ ਕੈਟਾਗਰੀਜ ਵੈਲਫੇਅਰ ਫੈਡਰੇਸ਼ਨ ਦੀ ਇੱਕੋ ਇੱਕ ਮੰਗ ਨਾਲ ਸਹਿਮਤ ਹੋਣ ਕਿ ਰਾਖਵੇਂਕਰਨ ਦਾ ਲਾਭ ਜਾਤੀ ਦੇ ਆਧਾਰ ਤੇ ਨਹੀਂ ਸਗੋਂ ਆਰਥਿਕ ਆਧਾਰ ਤੇ ਮਿਲਣਾ ਚਾਹੀਦਾ ਹੈ| ਜੇਕਰ ਸਰਕਾਰ ਇਸ ਤਰ੍ਹਾਂ ਦਾ ਡਾਟਾ ਇਕੱਤਰ ਕਰੇ ਤਾਂ ਰਾਖਵੇਂਕਰਨ ਦਾ ਵਾਰ-ਵਾਰ ਲਾਭ ਲੈਣ ਵਾਲਿਆਂ ਦੀ ਗਿਣਤੀ 5 ਜਾਂ 7 ਤੋਂ ਜਿਆਦਾ ਨਹੀਂ|
ਫੈਡਰੇਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਖਵੇਂਕਰਨ ਦਾ ਆਧਾਰ ਜਾਤੀ ਤੌਰ ਤੇ ਨਹੀਂ ਸਗੋਂ ਆਰਥਿਕ ਆਧਾਰ ਤੇ ਮਿਲਣਾ ਚਾਹੀਦਾ ਹੈ ਤਾਂ ਹੀ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ|

Leave a Reply

Your email address will not be published. Required fields are marked *