ਰਾਖਵਾਂਕਰਨ ਤਾਂ ਦੇ ਦਿੱਤਾ ਪਰ ਨੌਕਰੀਆਂ ਕਿੱਥੇ ਹਨ : ਸ਼ਿਵ ਸੈਨਾ

ਮੁੰਬਈ, 10 ਜਨਵਰੀ (ਸ.ਬ.) ਜਨਰਲ ਵਰਗ ਦੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਨੂੰ ਸੰਸਦ ਦੇ ਦੋਹਾਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਲੋਂ ਮਨਜ਼ੂਰੀ ਮਿਲਣ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ ਨੇ ਅੱਜ ਹੈਰਾਨੀ ਜ਼ਾਹਰ ਕੀਤੀ ਕਿ ਨੌਕਰੀਆਂ ਕਿੱਥੋਂ ਆਉਣਗੀਆਂ? ਪਾਰਟੀ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਇਹ ਇਕ ਚੁਣਾਵੀ ਚਾਲ ਹੈ ਤਾਂ ਇਹ ਮਹਿੰਗਾ ਸਾਬਤ ਹੋਵੇਗਾ| ਸ਼ਿਵ ਸੈਨਾ ਨੇ ਕਿਹਾ ਕਿ ਮਰਾਠਾ ਭਾਈਚਾਰੇ ਨੂੰ ਵੀ ਮਹਾਰਾਸ਼ਟਰ ਵਿਚ ਰਾਖਵਾਂਕਰਨ ਦਿੱਤਾ ਗਿਆ ਹੈ ਪਰ ਸਵਾਲ ਅਜੇ ਵੀ ਇਹ ਹੀ ਬਣਿਆ ਹੋਇਆ ਹੈ ਕਿ ਨੌਕਰੀਆਂ ਕਿੱਥੇ ਹਨ? ਸੰਸਦ ਨੇ ਆਮ ਵਰਗ ਦੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਵਿਚ 10 ਫੀਸਦੀ ਰਾਖਵਾਂਕਰਨ ਦੇਣ ਦੀ ਵਿਵਸਥਾ ਵਾਲੇ ਇਤਿਹਾਸਕ ਸੰਵਿਧਾਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ|
ਸ਼ਿਵ ਸੈਨਾ ਨੇ ਕਿਹਾ ਹੈ,”ਜਦੋਂ ਸੱਤਾ ਵਿਚ ਬੈਠੇ ਲੋਕ ਰੋਜ਼ਗਾਰ ਅਤੇ ਗਰੀਬੀ ਦੋਹਾਂ ਮੋਰਚਿਆਂ ਤੇ ਅਸਫਲ ਹੁੰਦੇ ਹਨ ਤਾਂ ਉਹ ਰਾਖਵਾਂਕਰਨ ਦਾ ਕਾਰਡ ਖੇਡਦੇ ਹਨ| ਇਸ ਵਿਚ ਪੁੱਛਿਆ ਗਿਆ, ”ਜੇਕਰ ਇਹ ਵੋਟ ਲਈ ਲਿਆ ਗਿਆ ਫੈਸਲਾ ਹੈ ਤਾਂ ਇਹ ਮਹਿੰਗਾ ਸਾਬਤ ਹੋਵੇਗਾ| 10 ਫੀਸਦੀ ਰਾਖਵਾਂਕਰਨ ਤੋਂ ਬਾਅਦ ਰੋਜ਼ਗਾਰ ਦਾ ਕੀ ਹੋਵੇਗਾ? ਨੌਕਰੀ ਕਿੱਥੋਂ ਮਿਲੇਗੀ? ਸ਼ਿਵ ਸੈਨਾ ਨੇ ਕਿਹਾ ਕਿ ਭਾਰਤ ਵਿਚ 15 ਸਾਲ ਤੋਂ ਵਧ ਉਮਰ ਦੇ ਲੋਕਾਂ ਦੀ ਆਬਾਦੀ ਹਰ ਮਹੀਨੇ 13 ਲੱਖ ਰਹੀ ਹੈ| 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਨੌਕਰੀ ਦੇਣਾ ਅਪਰਾਧ ਹੈ ਪਰ ਬਾਲ ਮਜ਼ਦੂਰੀ ਲਗਾਤਾਰ ਜਾਰੀ ਹੈ| ਜ਼ਿਕਰਯੋਗ ਹੈ ਕਿ ਉੱਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੇਂਦਰ ਅਤੇ ਮਹਾਰਾਸ਼ਟਰ ਦੋਵੇਂ ਥਾਂ ਸੱਤਾਧਾਰੀ ਭਾਜਪਾ ਦੀ ਗਠਜੋੜ ਸਹਿਯੋਗੀ ਹੈ| ਦੇਸ਼ ਵਿਚ ਰੋਜ਼ਗਾਰ ਦੀ ਦਰ ਨੂੰ ਸੰਤੁਲਿਤ ਬਣਾ ਕੇ ਰੱਖਣ ਲਈ ਹਰ ਸਾਲ 80 ਤੋਂ 90 ਲੱਖ ਨਵੇਂ ਰੋਜ਼ਗਾਰ ਦੀ ਲੋੜ ਹੈ ਪਰ ਇਹ ਗਣਿਤ ਕੁਝ ਸਮੇਂ ਤੋਂ ਵਿਗੜਿਆ ਹੈ| ਪਿਛਲੇ ਦੋ ਸਾਲਾਂ ਵਿਚ ਨੌਕਰੀ ਦੇ ਮੌਕੇ ਵਧਣ ਦੀ ਬਜਾਏ ਘੱਟ ਹੋਏ ਹਨ ਅਤੇ ਨੋਟਬੰਦੀ ਅਤੇ ਜੀ. ਐਸ.ਟੀ. ਲਾਗੂ ਕੀਤੇ ਜਾਣ ਕਾਰਨ ਕਰੀਬ 1.5 ਕਰੋੜ ਤੋਂ ਲੈ ਕੇ 2 ਕਰੋੜ ਨੌਕਰੀਆਂ ਗਈਆਂ ਹਨ| ਨੌਜਵਾਨਾਂ ਵਿੱਚ ਲਾਚਾਰੀ ਦੀ ਭਾਵਨਾ ਹੈ|

Leave a Reply

Your email address will not be published. Required fields are marked *