ਰਾਜਨਾਥ ਸਿੰਘ ਦੀ ਪਾਕਿਸਤਾਨ ਫੇਰੀ ਦੌਰਾਨ ਹੋਣਗੇ ਵਿਰੋਧ ਪ੍ਰਦਰਸ਼ਨ: ਹਾਫਿਜ਼ ਸਈਦ

ਲਾਹੌਰ, 1 ਅਗਸਤ (ਸ.ਬ.) ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ‘ਮਾਸੂਮ ਕਸ਼ਮੀਰੀਆਂ ਦੀ ਹੱਤਿਆ’ ਦਾ ਜ਼ਿੰੰਮੇਵਾਰ ਹੋਣ ਦਾ ਦੋਸ਼ ਲਾਉਂਦੇ ਹੋਏ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਾਜਨਾਥ ਸਾਰਕ ਸੰਮੇਲਨ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਆਉਂਦੇ ਹਨ ਤਾਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਣਗੇ| ਹਾਫਿਜ਼ ਸਈਦ ਨੇ ਇਕ ਬਿਆਨ ਵਿਚ ਕਿਹਾ, ”ਮੈਂ ਪਾਕਿਸਤਾਨ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਮਾਸੂਮ ਕਸ਼ਮੀਰੀਆਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਰਾਜਨਾਥ ਸਿੰਘ ਦਾ ਸੁਆਗਤ ਕਰ ਕੇ ਕਸ਼ਮੀਰੀਆਂ ਦੇ ਜ਼ਖਮਾਂ ਤੇ ਲੂਣ ਛਿੜਕੇਗੀ?” ਹਾਫਿਜ਼ ਨੇ ਅੱਗੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੋਵੇਗੀ ਕਿ ਇਕ ਪਾਸੇ ਪੂਰਾ ਪਾਕਿਸਤਾਨ ਕਸ਼ਮੀਰ ਵਿਚ ਭਾਰਤ ਦੇ ਅੱਤਿਆਚਾਰਾਂ ਦਾ ਵਿਰੋਧ ਕਰ ਰਿਹਾ ਹੈ ਅਤੇ ਦੂਜੇ ਪਾਸੇ ਪਾਕਿਸਤਾਨੀ ਸ਼ਾਸਕ ਰਾਜਨਾਥ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕਰਨਗੇ|
ਹਾਫਿਜ਼ ਨੇ ਕਿਹਾ ਕਿ ਜੇਕਰ ਰਾਜਨਾਥ ਸਿੰਘ 3 ਅਗਸਤ ਨੂੰ ਇਸਲਾਮਾਬਾਦ ਆਉਂਦੇ ਹਨ ਤਾਂ ਜਮਾਤ-ਉਦ-ਦਾਵਾ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕਰੇਗਾ, ਤਾਂ ਕਿ ਦੁਨੀਆ ਨੂੰ ਇਹ ਦੱਸਿਆ ਜਾ ਸਕੇ ਕਿ ਪਾਕਿਸਤਾਨੀ ਸ਼ਾਸਕ ਭਾਵੇਂ ਹੀ ਕਸ਼ਮੀਰੀਆਂ ਦੇ ਕਾਤਲਾਂ ਦੀ ਆਓ-ਭਗਤ ਲਈ ਮਜ਼ਬੂਰ ਹੈ ਪਰ ਪਾਕਿਸਤਾਨ ਦੀ ਜਨਤਾ ਕਸ਼ਮੀਰੀਆਂ ਨਾਲ ਹਮੇਸ਼ਾ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ| ਸਈਦ ਨੇ ਇਸ ਦੇ ਨਾਲ ਹੀ ਕਿਹਾ ਕਿ 3 ਅਗਸਤ ਨੂੰ ਇਸਲਾਮਾਬਾਦ, ਲਾਹੌਰ, ਕਰਾਚੀ, ਪੇਸ਼ਾਵਰ, ਕਵੇਟਾ, ਮੁਲਤਾਨ, ਫੈਸਲਾਬਾਦ, ਮੁਜ਼ੱਫਰਾਬਾਦ ਅਤੇ ਹੋਰ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਰੈਲੀਆਂ ਕੱਢੀਆਂ ਜਾਣਗੀਆਂ| ਉਸਨੇ ਕਿਹਾ ਕਿ ਇਸਲਾਮਾਬਾਦ ਵਿਚ ਰਾਜਨਾਥ ਦੀ ਮੌਜੂਦਗੀ ਭਾਰਤੀ ਸੁਰਖਿਆਂ ਫੋਰਸਾਂ ਹੱਥੋਂ ਦਰਜਨਾਂ ਕਸ਼ਮੀਰੀਆਂ ਦੀ ਹੱਤਿਆ ਦੇ ਮੱਦੇਨਜ਼ਰ ਕਸ਼ਮੀਰੀਆਂ ਦੇ ਨਾਲ-ਨਾਲ ਪਾਕਿਸਤਾਨੀਆਂ ਵਿਚ ਵੀ ਅਸ਼ਾਂਤੀ ਪੈਦਾ ਕਰ ਸਕਦੀ ਹੈ| ਸਈਦ ਨੇ ਕਿਹਾ ਕਿ ਰਾਜਨਾਥ ਸਿੰਘ ਦੇ ਸ਼੍ਰੀਨਗਰ ਦੌਰੇ ਦੌਰਾਨ ਕਸ਼ਮੀਰੀ ਲੋਕਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ| ਪਾਕਿਸਤਾਨੀ ਮੁਸਲਿਮ ਲੀਗ ਸਰਕਾਰ ਨੂੰ ਵੀ ਸਿੰਘ ਦਾ ਸੁਆਗਤ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦੇਣਾ ਚਾਹੀਦਾ ਹੈ ਕਿ ਇਸ ਨਾਲ ਕਸ਼ਮੀਰੀਆਂ ਅਤੇ ਪਾਕਿਸਤਾਨੀਆਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚੇਗਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ| ਇਸ ਦਰਮਿਆਨ ਹਿੱਜ਼ਬੁਲ ਮੁਜਾਹਿਦੀਨ ਦੇ ਮੁੱਖ ਕਮਾਂਡਰ ਸਈਦ ਸਲਾਉੱਦੀਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਿਹਾ ਹੈ ਕਿ ਹਿੱਜ਼ਬੁਲ ਦੇ ਕਮਾਂਡਰ ਬੁਰਹਾਨ ਬਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਿਚ 49 ਲੋਕਾਂ ਦੇ ਮਾਰੇ ਜਾਣ ਕਾਰਨ ਘਾਟੀ ਵਿਚ ਚਲ ਰਹੇ ਤਣਾਅ ਨੂੰ ਦੇਖਦੇ ਹੋਏ ਉਹ ਨਵੀਂ ਦਿੱਲੀ ਤੋਂ ਆਪਣੇ ਰਾਜਦੂਤ ਤੁਰੰਤ ਵਾਪਸ ਬੁਲਾ ਲੈਣ ਅਤੇ ਭਾਰਤ ਨਾਲ ਵਪਾਰਕ ਅਤੇ ਡਿਪਲੋਮੈਟ ਰਿਸ਼ਤਿਆਂ ਨੂੰ ਮੁਲਤਵੀ ਕਰਨ ਦੇਣ| ਉਸ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਸਾਰਕ ਸੰਮੇਲਨ ਲਈ ਸਿੰਘ ਨੂੰ ਸੱਦਾ ਦੇਣਾ ਹੀ ਨਹੀਂ ਚਾਹੀਦਾ ਸੀ|

Leave a Reply

Your email address will not be published. Required fields are marked *