ਰਾਜਨੀਤਿਕ ਫਾਇਦੇ ਲਈ ਕੀਤੀ ਜਾਂਦੀ ਧਰਮ ਦੀ ਵਰਤੋਂ ਤੇ ਸਖਤੀ ਨਾਲ ਰੋਕ ਲਗਾਏ ਕਮਿਸ਼ਨ

ਪੰਜਾਬ ਵਿਧਾਨਸਭਾ ਦੀਆਂ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਪੈਣ ਵਿੱਚ ਹੁਣ ਇੱਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਸੂਬੇ ਵਿੱਚ ਹਰ ਪਾਸੇ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਤੇਜੀ ਫੜ ਚੁੱਕਿਆ ਹੈ| ਇਸ ਵਾਰ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜਾਬਤੇ ਨੂੰ ਲਾਗੂ ਕਰਵਾਉਣ ਲਈ ਕੀਤੇ ਗਏ ਠੋਸ ਪ੍ਰਬੰਧਾਂ ਅਤੇ ਕਮਿਸ਼ਨ ਵਲੋਂ ਅਪਣਾਏ ਜਾ ਰਹੇ ਸਖਤ ਰੁੱਖ ਕਾਰਨ                ਭਾਵੇਂ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਲਗਾਮ ਕਾਫੀ ਹੱਦ ਤਕ ਕਸੀ ਗਈ ਹੈ ਪਰੰਤੂ ਇਸਦੇ ਬਾਵਜੂਦ ਚੋਣ ਲੜਣ ਵਾਲੇ ਉਮੀਦਵਾਰ ਚੋਣ ਜਿੱਤਣ ਲਈ ਹਰ ਹਰਬਾ ਵਰਤ ਰਹੇ ਹਨ| ਆਪਣੀ ਇਸ ਕੋਸ਼ਿਸ਼ ਵਿੱਚ ਚੋਣ ਲੜਣ ਵਾਲੇ ਜਿਆਦਾਤਰ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਧਰਮ, ਜਾਤ, ਫਿਰਕੇ ਅਤੇ ਭਾਸ਼ਾ ਦੇ ਆਧਾਰ ਤੇ ਵੋਟਾਂ ਹਾਸਿਲ ਕਰਨ ਲਈ ਵੀ ਹੱਥ ਪੈਰ ਮਾਰ ਰਹੀਆਂ ਹਨ ਅਤੇ ਉਮੀਦਵਾਰਾਂ ਨੂੰ ਵੱਖ ਵੱਖ ਡੇਰਿਆਂ ਤੇ ਜਾ ਕੇ ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਹਾਸਿਲ ਕਰਨ ਲਈ ਯਤਨ ਕਰਦੇ ਦੇਖਿਆ ਜਾ ਸਕਦਾ ਹੈ|
ਰਾਜਨੀਤੀ ਲਈ ਧਰਮ ਦੀ ਵਰਤੋਂ ਦਾ ਅਮਲ ਨਵਾਂ ਨਹੀਂ ਹੈ ਅਤੇ ਪਿਛਲੇ ਕੁੱਝ ਦਹਾਕਿਆਂ ਤੋਂ (ਜਦੋਂ ਤੋਂ ਰਾਜਨੀਤੀ ਧਰਮ ਉੱਪਰ ਹਾਵੀ ਹੁੰਦੀ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਆਸਥਾ ਦਾ ਇਹ ਧੁਰਾ ਰਾਜਨੇਤਾਵਾਂ ਦੇ ਸਿਆਸੀ ਹਿੱਤ ਪੂਰੇ ਕਰਨ ਦਾ ਸਾਧਨ ਬਣ ਕੇ ਰਹਿ ਗਿਆ ਹੈ) ਇਹ ਅਮਲ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ| ਇਸ ਦੌਰਾਨ ਜਿੱਥੇ ਆਮ ਲੋਕਾਂ ਦੀ ਆਸਥਾ ਦੇ ਠੇਕੇਦਾਰਾਂ ਦੇ ਰੂਪ ਵਿੱਚ ਥਾਂ ਥਾਂ ਤੇ ਵੱਡੇ ਛੋਟੇ ਡੇਰੇ ਹੋਂਦ ਵਿੱਚ ਆਏ ਉੱਥੇ ਇਹਨਾਂ ਡੇਰਿਆਂ ਤੇ ਜੁਟਣ ਵਾਲੀ ਸ਼ਰਧਾਲੂਆਂ ਦੀ ਭੀੜ ਨੇ ਰਾਜਨੀਤਿਕ ਨੇਤਾਵਾਂ ਨੂੰ ਇਹਨਾਂ ਡੇਰਿਆਂ ਵਿੱਚ ਜਾ ਕੇ ਮੰਥੇ ਰਗੜਣ ਲਈ ਮਜਬੂਰ ਕਰ ਦਿੱਤਾ| ਸਮੇਂ ਦੇ ਨਾਲ ਨਾਲ ਇਹਨਾਂ ਡੇਰਿਆਂ ਦੀ ਗਿਣਤੀ ਅਤੇ ਉਹਨਾਂ ਦਾ ਸਿਆਸਤ ਵਿੱਚ ਅਸਰ ਵੀ ਲਗਾਤਾਰ ਵੱਧਦਾ ਹੀ ਰਿਹਾ ਹੈ|
ਇਸ ਦੌਰਾਨ ਪੰਜਾਬ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਹਰਿਆਣਾ ਦੇ ਸਿਰਸਾ ਵਿੱਚ ਸਥਿਤ ਡੇਰਾ ਸੱਚਾ ਸੌਦਾ (ਜਿਸਦੇ ਵੱਡੀ ਗਿਣਤੀ ਸ਼ਰਧਾਲੂ ਪੰਜਾਬ ਵਿੱਚ ਵਸਦੇ ਹਨ ਅਤੇ ਕਈ ਹਲਕਿਆਂ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਕਰਨ ਦੇ ਸਮਰਥ ਵੀ ਹਨ) ਵਿੱਚ ਜਾ ਕੇ ਆਪਣੇ ਲਈ ਸਮਰਥਨ ਦੀ ਮੰਗ ਕਰਨ ਦੀਆਂ ਖਬਰਾਂ ਸਾਰੀਆਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ| ਇਸ ਡੇਰੇ ਤੇ ਜਾ ਕੇ ਆਪਣੇ ਲਈ ਸਮਰਥਨ ਦਾ ਜੁਗਾੜ ਕਰਨ ਲਈ ਪਹੁੰਚੇ ਆਗੂਆਂ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਪ੍ਰਮੁਖ ਆਗੂ ਸ਼ਾਮਿਲ ਸਨ| ਇਸੇ ਤਰ੍ਹਾਂ ਵੱਖ ਵੱਖਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਵਲੋਂ ਅਜਿਹੇ ਵੱਖ ਵਛਖ ਡੇਰਿਆਂ ਦੇ ਮੁਖੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਵੀ ਜਾਰੀ ਹੈ| ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਸ੍ਰੀ ਰਾਹੁਤ ਗਾਂਧੀ ਵਲੋਂ ਰਾਧਾਸੁਆਮੀ ਡੇਰਾ ਬਿਆਸ ਅਤੇ ਜਲੰਧਰ ਦੇ ਡੇਰਾ ਬੱਲਾ ਦੇ ਮੁਖੀਆਂ ਨਾਲ ਕੀਤੀ ਗਈ ਮੁਲਾਕਾਤ ਨੂੰ ਵੀ ਇਸੇ ਸੰਦਰਭ ਵਿੱਚ ਗਿਣਿਆ ਜਾ ਸਕਦਾ ਹੈ|
ਸਾਡੇ ਦੇਸ਼ ਵਿੱਚ ਹਰ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਕਾਨੂੰਨੀ ਛੂਟ ਹੈ ਪਰ ਰਾਜਨੀਤਿਕ ਸੁਆਰਥਾਂ ਦੀ ਪੂਰਤੀ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨੂੰ ਕਿਸੇ ਵੀ ਪੱਖੋਂ ਜਾਇਜ ਨਹੀਂ ਠਹਿਰਾਇਆ ਜਾ ਕਦਾ| ਇਸ ਸੰਬੰਧੀ ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵਲੋਂ ਵੀ ਇਹ ਫੈਸਲਾ ਸੁਣਾਇਆ ਜਾ ਚੁੱਕਿਆ ਹੈ ਕਿ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਧਰਮ, ਜਾਤੀ, ਭਾਈਚਾਰੇ ਅਤੇ ਭਾਸ਼ਾ ਦੇ ਆਧਾਰ ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵੋਟਾਂ ਹਾਸਿਲ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਭ੍ਰਿਸ਼ਟ ਆਚਰਨ ਦੇ ਦਾਇਰੇ ਵਿੱਚ ਆਉਂਦੀਆਂ ਹਨ ਅਤੇ ਸੂਬੇ ਵਿੱਚ ਚੋਣ ਲੜਣ ਵਾਲੇਅਜਿਹੇ ਤਮਾਮ ਆਗੂਆਂ (ਜਿਹਨਾਂ ਵਲੋਂ ਵੱਖ ਵੱਖ  ਡੇਰਿਆਂ ਤੇ ਜਾ ਕੇ ਆਪਣੇ ਲਈ ਅਸਿੱਧੇ ਢੰਗ ਨਾਲ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ) ਦੇ ਖਿਲਾਫ ਇਸ ਆਧਾਰ ਕਾਰਵਾਈ ਹੋਣੀ ਚਾਹੀਦੀ ਹੈ|
ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਰਾਜਨੀਤਿਕ ਆਗੂਆਂ ਵਲੋਂ ਸਿਆਸੀ ਫਾਇਦੇ ਲਈ ਕੀਤੀ ਜਾਂਦੀ ਧਰਮ ਦੀ ਵਰਤੋਂ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਅਤੇ ਇਸ ਸੰਬੰਧੀ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਤਮਾਮ ਉਮੀਦਵਾਰਾਂ ਦੇ ਖਿਲਾਫ ਇੱਕਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਚੋਣਾਂ ਦੇ ਅਮਲ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਅਜਿਹ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਵਲੋਂ ਤੁਰੰਤ ਲੋੜੀਂਦੀ ਕਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *