ਰਾਜਨੀਤਿਕ ਫਾਇਦੇ ਲਈ ਕੀਤੀ ਜਾਂਦੀ ਧਰਮ ਦੀ ਵਰਤੋਂ ਤੇ ਸਖਤੀ ਨਾਲ ਰੋਕ ਲੱਗੇ

ਰਾਜਨੀਤੀ ਅਤੇ ਧਰਮ ਭਾਵੇਂ ਬਿਲਕੁਲ ਵੱਖਰੇ ਖੇਤਰ ਹਨ ਪਰੰਤੂ ਪੁਰਾਤਨ ਸਮੇਂ ਤੋਂ ਹੀ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਰਹੇ ਹਨ| ਜੇ ਧਰਮ ਰਾਜਨੀਤੀ ਉੱਪਰ ਭਾਰੂ ਹੋਵੇ ਤਾਂ ਰਾਜਨੀਤੀ ਵਿੱਚ ਵੀ ਚੰਗੇ ਗੁਣ ਆ ਜਾਂਦੇ ਹਨ ਬਸ਼ਰਤੇ ਧਾਰਮਿਕ ਕੱਟੜਵਾਦ ਦਾ ਗਲਬਾ ਰਾਜਨੀਤੀ ਤੇ ਨਾ ਹੋਵੇ| ਪਰੰਤੂ ਜੇਕਰ ਰਾਜਨੀਤੀ ਧਰਮ ਉੱਪਰ ਭਾਰੂ ਹੋ ਜਾਵੇ ਤਾਂ ਉਹ ਰਾਜਨੇਤਾਵਾਂ ਦੇ ਸਿਆਸੀ ਹਿੱਤ ਪੂਰੇ ਕਰਨ ਦਾ ਸਾਧਨ ਬਣ ਕੇ ਰਹਿ ਜਾਂਦਾ ਹੈ| ਜਿੱਥੋਂ ਤਕ ਸਿਆਸੀ ਆਗੂਆਂ ਦੀ ਨਿੱਜੀ ਧਾਰਮਿਕ ਆਸਥਾ ਦਾ ਸਵਾਲ ਹੈ ਇਸਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋ ਸਕਦਾ ਪਰੰਤੂ ਜਦੋਂ ਇਹ ਰਾਜਨੇਤਾ ਨਿਰੋਲ ਸਿਆਸੀ ਫਾਇਦੇ ਲਈ ਧਰਮ ਸਥਾਨਾਂ ਤੇ ਆਪਣੇ ਮੱਥੇ ਰਗੜਦੇ ਦਿਖਦੇ ਹਨ ਤਾਂ ਉਹਨਾਂ ਦੀ ਨੀਅਤ ਤੇ ਸਵਾਲ ਉਠਣੇ ਹੀ ਹੁੰਦੇ ਹਨ|
ਹਾਲਾਂਕਿ ਇਸ ਵਾਰ ਚੋਣ ਕਮਿਸ਼ਨ ਦੀ ਸਖਤੀ ਅਤੇ ਚੋਣ ਜਾਬਤੇ ਨੂੰ ਲਾਗੂ ਕਰਵਾਉਣ ਲਈ ਕੀਤੇ ਗਏ ਠੋਸ ਪ੍ਰਬੰਧਾਂ ਕਾਰਨ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਲਗਾਮ ਕਾਫੀ ਹੱਦ ਤਕ ਕਸੀ ਗਈ ਹੈ ਪਰੰਤੂ ਇਸਦੇ ਬਾਵਜੂਦ ਚੋਣ ਲੜਣ ਵਾਲੇ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਚੋਣ ਜਿੱਤਣ ਲਈ ਹਰ ਹਰਬਾ ਵਰਤ ਰਹੀਆਂ ਹਨ| ਮਾਣਯੋਗ ਸੁਪਰੀਮ ਕੋਰਟ ਵਲੋਂ ਭਾਵੇਂ ਪਿਛਲੇ ਦਿਨੀਂ ਦਿੱਤੇ ਗਏ ਇੱਕ ਫੈਸਲੇ ਵਿੱਚ ਸਿਆਸੀ ਪਾਰਟੀਆਂ ਵਲੋਂ ਧਰਮ, ਜਾਤ, ਫਿਰਕੇ ਅਤੇ ਭਾਸ਼ਾ ਦੇ ਆਧਾਰ ਤੇ ਵੋਟਾਂ ਮੰਗਣ ਦੀ ਕਾਰਵਾਈ ਨੂੰ ਭ੍ਰਿਸ਼ਟ ਆਚਰਨ ਦੇ ਦਾਇਰੇ ਵਿੱਚ ਰੱਖਦਿਆਂ ਇਸ ਕਾਰਵਾਈ ਤੇ ਰੋਕ ਲਗਾ ਦਿੱਤੀ ਗਈ ਹੈ ਪਰੰਤੂ ਇਸਦੇ ਬਾਵਜੂਦ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਵਲੋਂ ਲੁਕਵੇਂ ਰੂਪ ਨਾਲ ਧਰਮ ਦੇ ਆਧਾਰ ਤੇ ਵੋਟਾਂ ਹਾਸਿਲ ਕਰਨ ਲਈ ਕੀਤੀ ਜਾਣ ਵਾਲੀ ਕੋਸ਼ਿਸ਼ ਅਜਿਹੇ ਆਗੂਆਂ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਨਤਮਸਕਤ ਹੋਣ ਜਾਂ ਡੇਰਿਆਂ ਤੇ ਜਾ ਕੇ ਅਸ਼ੀਰਵਾਦ ਹਾਸਿਲ ਕਰਨ ਨਾਲ ਜਾਹਿਰ ਹੋ ਜਾਂਦੀ ਹੈ|
ਇਸ ਲੜੀ ਵਿੱਚ ਵੱਖ ਵੱਖ ਸਿਆਸੀ ਆਗੂਆਂ ਵਲੋਂ ਸੂਬੇ ਵਿੱਚ ਵੱਖ ਵੱਖ ਥਾਵਾਂ ਤੇ ਬਣੇ ਡੇਰਿਆਂ (ਜਿਹਨਾਂ ਦੇ ਸ਼ਰਧਾਲੂ ਇਹਨਾਂ ਡੇਫਰਆਂ ਦੇ ਪ੍ਰਭਾਵ ਖੇਤਰ ਵਿੱਚ ਆਉਂਦੇ ਹਲਕਿਆਂ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਕਰਨ ਦੇ ਸਮਰਥ ਹਨ) ਦੇ ਮੁਖੀਆਂ ਦਾ ਸਮਰਥਨ ਹਾਸਲ ਕਰਨ ਲਈ ਕੀਤੀਆਂ ਜਾ ਰਹੀਆਂ ਚਾਰਾਜੋਈਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ| ਹਾਲਾਂਕਿ ਇਹ ਤਮਾਮ ਉਮੀਦਵਾਰ ਇਹ ਦਾਅਵੇ ਕਰਦੇ ਹਨ ਕਿ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੇ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਰੀਆਂ ਹੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰ ਧਾਰਮਿਕ ਆਗੂਆਂ ਦਾ ਸਮਰਥਨ ਹਾਸਿਲ ਕਰਨ ਲਈ ਕਿਸ ਕਦਰ ਤਰਲੋਮੱਛੀ ਹੁੰਦੇ ਹਨ| ਪੰਜਾਬ ਵਿੱਚ ਤਾਂ ਥਾਂ ਥਾਂ ਤੇ ਅਜਿਹੇ ਕਈ ਛੋਟੇ ਵੱਡੇ ਡੇਰੇ ਮੌਜੂਦ ਹਨ ਜਿਹਨਾਂ ਦਾ ਆਪਣੇ ਆਪਣੇ ਖੇਤਰ ਦੇ ਵੋਟਰਾਂ ਤੇ ਕਾਫੀ ਪ੍ਰਭਾਵ ਹੈ ਅਤੇ ਕਈ ਵਾਰ ਤਾਂ ਕਿਸੇ ਡੇਰੇ ਵਲੋਂ ਕਿਸੇ ਉਮੀਦਵਾਰ ਵਿਸ਼ੇਸ਼ ਨੂੰ ਦਿੱਤਾ ਜਾਣ ਵਾਲਾ ਸਮਰਥਨ (ਅਸ਼ੀਰਵਾਦ) ਉਸਦੀ ਜਿੱਤ ਦੀ ਗਾਰੰਟੀ ਤਕ ਬਣ ਜਾਂਦਾ ਹੈ|
ਸਾਡੇ ਦੇਸ਼ ਦੇ ਹਰ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਕਾਨੂੰਨੀ ਛੂਟ ਹੈ ਪਰ ਰਾਜਨੀਤਿਕ ਸੁਆਰਥਾਂ ਦੀ ਪੂਰਤੀ ਲਈ ਧਰਮ ਦੀ ਵਰਤੋਂ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ| ਰਾਜਨੀਤੀ ਲਈ ਧਰਮ ਦੀ ਵਰਤੋਂ ਚੋਣ ਜਾਬਤੇ ਦੀ ਉਲੰਘਣਾ ਦੇ ਦਾਇਰੇ ਅਧੀਨ ਆਉਂਦੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਧਰਮ ਉੱਪਰ ਰਾਜਨੀਤੀ ਭਾਰੂ ਹੈ| ਕਿਸੇ ਵੀ ਉਮੀਦਵਾਰ ਵੱਲੋਂ ਸ਼ਰਧਾ ਭਾਵਨਾ ਨਾਲ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਟੇਕਣ ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਅਤੇ ਇਸੇ ਦਾ ਫਾਇਦਾ ਚੁੱਕ ਕੇ ਉਮੀਦਵਾਰਾਂ ਵਲੋਂ ਵੱਖ ਵੱਖ ਡੇਰਿਆਂ ਤੇ ਜਾ ਕੇ ਆਪਣੇ ਲਈ ਅਸਿੱਧੇ ਢੰਗ ਨਾਲ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਨੂੰ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਕਿਹਾ ਜਾ ਸਕਦਾ ਹੈ|
ਧਰਮ ਅਤੇ ਰਾਜਨੀਤੀ ਦੀ ਆਪਣੀ ਵੱਖਰੀ ਮਰਿਆਦਾ ਹੈ ਅਤੇ ਇਹ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ| ਇਸ ਸੰਬੰਧੀ ਜਿੱਥੇ ਉਮੀਦਵਾਰਾਂ ਨੂੰ ਚੋਣ ਜਾਬਤੇ ਵਿੱਚ ਰਹਿਣਾ ਚਾਹੀਦਾ ਹੈ ਉੱਥੇ ਇਹਨਾਂ ਡੇਰਿਆਂ ਵਾਲਿਆਂ ਨੂੰ ਵੀ ਖੁਦ ਲਈ ਸਵੈ ਜਾਬਤਾ ਲਾਗੂ ਕਰਨਾ ਚਾਹੀਦਾ ਹੈ| ਇਸਦੇ ਨਾਲ ਨਾਲ ਰਾਜਨੀਤਿਕ ਹਿੱਤਾਂ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਤੇ ਰੋਕ ਲਗਾਉਣ ਲਈ ਚੋਣ ਕਮਿਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ| ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਨ| ਜੇਕਰ ਵੋਟਰ ਇਸ ਤਰੀਕੇ ਨਾਲ ਧਰਮ ਦੇ ਆਧਾਰ ਤੇ ਵੋਟਾਂ ਨਹੀਂ ਪਾਉਣਗੇ ਤਾਂ ਅਜਿਹੇ ਉਮੀਦਵਾਰਾਂ ਦੀ ਇਹ ਕਾਰਵਾਈ ਖੁਦ ਬ ਖੁਦ ਹੀ ਰੁਕ ਜਾਏਗੀ| ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਧਰਮ ਦੀ ਆੜ ਹੇਠ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਨੂੰ ਮੂੰਹ ਹੀ ਨਾ ਲਗਾਉਣ ਤਾਂ ਜੋ ਰਾਜਨੀਤੀ ਧਰਮ ਤੇ ਹਾਵੀ ਨਾ ਹੋ ਸਕੇ|

Leave a Reply

Your email address will not be published. Required fields are marked *