ਰਾਜਨੀਤਿਕ ਹਥਿਆਰ ਦਾ ਰੂਪ ਧਾਰਨ ਕਰ ਰਿਹਾ ਰਾਖਵਾਂਕਰਨ

ਜਨਰਲ ਵਰਗ ਦੇ ਆਰਥਿਕ ਰੂਪ ਨਾਲ ਕਮਜੋਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਦਾਖਲੇ ਲਈ ਦਸ ਫੀਸਦੀ ਰਾਖਵਾਂਕਰਨ ਦੇਣ ਵਾਲਾ ਸੰਵਿਧਾਨ ਸੰਸ਼ੋਧਨ ਬਿਲ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਅੰਤਮ ਦਿਨ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ| ਹੁਣ ਸੰਸਦ ਦੇ ਦੋਵਾਂ ਸਦਨਾਂ ਤੋਂ ਇਹ ਸੰਵਿਧਾਨ ਸੰਸ਼ੋਧਨ ਬਿਲ ਪਾਸ ਹੋ ਗਿਆ ਹੈ ਅਤੇ ਰਾਖਵੇਂਕਰਨ ਦਾ ਮੌਜੂਦਾ ਕੋਟਾ 49.5 ਤੋਂ ਵਧ ਕੇ 59. 5 ਫੀਸਦੀ ਹੋ ਗਿਆ ਹੈ|
ਮੋਦੀ ਸਰਕਾਰ ਨੇ ਜਿਸ ਤਰ੍ਹਾਂ ਵਰਤਮਾਨ ਸੈਸ਼ਨ ਦੇ ਅੰਤਮ ਦਿਨਾਂ ਵਿੱਚ ਆਰਥਿਕ ਆਧਾਰ ਤੇ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ, ਉਸ ਨਾਲ ਸਰਕਾਰ ਦੀ ਰਾਜਨੀਤਿਕ ਲਾਚਾਰੀ ਹੀ ਵਿਖਾਈ ਦਿੱਤੀ| ਸਰਕਾਰ ਇਸ ਮੁੱਦੇ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਆਪਣੇ ਕਾਰਜਕਾਲ ਦੇ ਪਹਿਲੇ ਦੌਰ ਵਿੱਚ ਇਸ ਬਿਲ ਨੂੰ ਲੈ ਕੇ ਆਉਂਦੀ| ਮੰਨਿਆ ਜਾ ਰਿਹਾ ਹੈ ਕਿ ਹਿੰਦੀ ਖੇਤਰ ਦੇ ਤਿੰਨ ਰਾਜਾਂ ਵਿੱਚ ਭਾਜਪਾ ਨੂੰ ਮਿਲੀ ਹਾਰ ਤੋਂ ਬਾਅਦ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ| ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਐਸਸੀ/ਐਸਟੀ ਐਕਟ ਤੇ ਸੁਪ੍ਰੀਮ ਕੋਰਟ ਦਾ ਫੈਸਲਾ ਪਲਟਣ ਤੋਂ ਨਰਾਜ ਸਵਰਣਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਲਈ ਚੁੱਕਿਆ ਹੈ| ਅਸਲ ਵਿੱਚ ਮੋਦੀ ਸਰਕਾਰ ਨੇ ਆਰਥਿਕ ਪਿੱਛੜੇਪਣ ਨੂੰ ਰਾਖਵੇਂਕਰਨ ਦੇ ਮੁਢਲੇ ਆਧਾਰ ਦੇ ਰੂਪ ਵਿੱਚ ਸਵੀਕਾਰ ਕਰਕੇ ਰਾਖਵਾਂਕਰਨ ਦੀ ਮੂਲ ਅਵਧਾਰਣਾ ਨੂੰ ਹੀ ਬਦਲ ਦਿੱਤਾ ਹੈ ਕਿਉਂਕਿ ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਸਮਾਜਿਕ ਅਤੇ ਆਰਥਿਕ ਰੂਪ ਨਾਲ ਪਿਛੜੇ ਹੋਏ ਲੋਕਾਂ ਨੂੰ ਮੁਕਾਬਲੇ ਉੱਤੇ ਲਿਆਉਣ ਲਈ ਉਨ੍ਹਾਂ ਨੂੰ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ|
ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ, ਰਾਖਵਾਂਕਰਨ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਕਮਾਈ ਅੱਠ ਲੱਖ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਹੈ, ਖੇਤੀਬਾੜੀ ਭੂਮੀ ਪੰਜ ਏਕੜ ਤੋਂ ਘੱਟ ਹੋਵੇ ਅਤੇ ਰਿਹਾਇਸ਼ੀ ਘਰ ਇੱਕ ਹਜਾਰ ਵਰਗ ਫੁੱਟ ਤੋਂ ਜ਼ਿਆਦਾ ਨਾ ਹੋਵੇ| ਜੇਕਰ ਇਸ ਪੈਮਾਨੇ ਤੇ ਰਾਖਵਾਂਕਰਨ ਲਾਗੂ ਕੀਤਾ ਜਾਵੇ ਤਾਂ ਦੇਸ਼ ਦੀ ਬਹੁਗਿਣਤੀ ਜਨਤਾ ਇਸਦੇ ਦਾਇਰੇ ਵਿੱਚ ਆ ਜਾਵੇਗੀ| ਇਸ ਕਮਾਈ ਸਮੂਹ ਵਾਲੀ ਜਨਸੰਖਿਆ ਮੱਧਵਰਗੀ ਹੈ, ਜੋ ਆਰਥਿਕ ਆਧਾਰ ਤੇ ਰਾਖਵੇਂਕਰਨ ਦੀ ਮੰਗ ਕਰ ਰਹੀ ਸੀ|
ਪਿਛਲੇ ਕੁੱਝ ਦਿਨਾਂ ਤੋਂ ਰਾਖਵੇਂਕਰਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੰਗਾਂ ਉਠ ਰਹੀਆਂ ਸਨ| ਇੱਕ ਇਹ ਵੀ ਸੀ ਕਿ ਜਿਸ ਪਰਿਵਾਰ ਦੀਆਂ ਇੱਕ ਜਾਂ ਦੋ ਪੀੜ੍ਹੀ ਇਸਦਾ ਲਾਹਾ ਲੈ ਚੁੱਕੀਆਂ ਹਨ, ਉਹਨੂੰ ਰਾਖਵਾਂਕਰਨ ਦੇ ਦਾਇਰੇ ਤੋਂ ਬਾਹਰ ਕੀਤਾ ਜਾਵੇ| ਕੁੱਝ ਹੋਰ ਜਾਤੀਆਂ ਵੀ ਰਾਖਵਾਂਕਰਨ ਦੀ ਮੰਗ ਕਰ ਰਹੀਆਂ ਹਨ| ਪਰ ਸਵਾਲ ਇਹ ਵੀ ਹੈ ਕਿ ਨੌਕਰੀਆਂ ਕਿੱਥੇ ਹਨ? ਬੀਤੇ ਦਿਨ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਮੀ ਵਲੋਂ ਜਾਰੀ ਅੰਕੜਾ ਅਨੁਸਾਰ ਪਿਛਲੇ ਸਾਲ ਇੱਕ ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ| ਇਸ ਲਈ ਇਹ ਮੰਨ ਲੈਣਾ ਚਾਹੀਦਾ ਹੈ ਕਿ ਰਾਖਵੈਂਕਰਨ ਨੂੰ ਸਿਆਸੀ ਹਥਿਆਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ|
ਕ੍ਰਿਸ਼ਨ ਸ਼ਰਮਾ

Leave a Reply

Your email address will not be published. Required fields are marked *