ਰਾਜਨੀਤੀ ਤੋਂ ਪਰਿਵਾਰਵਾਦ ਦੇ ਗਲਬੇ ਦੇ ਖਾਤਮੇ ਬਿਨਾ ਮਜਬੂਤ ਨਹੀਂ ਹੋ ਸਕਦਾ ਲੋਕਤੰਤਰ

ਪਿਛਲੇ ਕੁੱਝ ਦਹਾਕਿਆਂ ਦੌਰਾਨ ਦੇਸ਼ ਦੀ ਰਾਜਨੀਤੀ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ ਹੈ| ਉਹ ਸਮਾਂ ਹੋਰ ਸੀ ਜਦੋਂ ਸਾਡੇ ਸਿਆਸੀ ਆਗੂ ਜਨਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਕੰਮਾਂ ਬਦਲੇ ਆਮ ਲੋਕਾਂ ਵਲੋ ਉਹਨਾਂ ਨੂੰ ਦਿੱਤੇ ਜਾਣ ਵਾਲੇ ਮਾਣ ਸਨਮਾਨ ਨੂੰ ਹੀ ਆਪਣੀ ਸਭ ਤੋਂ ਵੱਡੀ ਕਮਾਈ ਸਮਝਦੇ ਹਨ| ਅੱਜ ਦੇ ਇਸ ਆਧੁਨਿਕ ਯੁਗ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਇੱਕ ਪੇਸ਼ੇ ਦਾ ਰੂਪ ਧਾਰਨ ਕਰ ਗਈ ਹੈ ਅਤੇ ਰਾਜਨੀਤਿਕ ਤਾਕਤ ਦੇ ਜੋਰ ਤੇ ਹਾਸਿਲ ਕੀਤੇ ਜਾਣ ਵਾਲੇ ਸਰਕਾਰੀ ਅਹੁਦੇ ਵੀ ਸਾਡੇ ਇਹਨਾਂ               ਨੇਤਾਵਾਂ ਦੀਆਂ ਜੱਦੀ ਜਗੀਰਾਂ ਵਿੱਚ ਤਬਦੀਲ ਹੋ ਗਏ ਹਨ| ਸੱਤਾ ਦੀ ਤਾਕਤ ਦੇ ਨਸ਼ੇ ਨੇ ਸਾਡੇ ਰਾਜਨੇਤਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਆਪਣੇ ਪੁੱਤਰਾਂ, ਧੀਆਂ ਅਤੇ ਨਜਦੀਕੀ ਰਿਸ਼ਤੇਦਾਰਾਂ ਨੂੰ ਰਾਜਨੀਤੀ ਦੇ ਇਸ ਮੈਦਾਨ ਵਿੱਚ ਸਥਾਪਿਤ ਕਰਨ ਦੇ ਯਤਨਾਂ ਵਿੱਚ ਰੁੱਝੇ ਨਜਰ ਆਉਂਦੇ ਹਨ|
ਪਰਿਵਾਰਵਾਦ ਦਾ ਇਹ ਭੂਤ ਭਾਰਤੀ ਰਾਜਨੀਤੀ ਉੱਪਰ ਸ਼ੁਰੂ ਤੋਂ ਹੀ ਭਾਰੂ ਰਿਹਾ ਹੈ ਅਤੇ ਰਾਜਨੀਤੀ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁਕਣ ਵਾਲੇ ਆਗੂਆਂ ਵਲੋਂ ਆਪਣੀ ਔਲਾਦ ਨੂੰ ਇਸ ਖੇਤਰ ਵਿੱਚ ਅੱਗੇ ਵਧਾ ਕੇ ਆਪਣੀ ਥਾਂ ਦਿੱਤੀ ਜਾਂਦੀ ਰਹੀ ਹੈ| ਇਸਦੀ ਸ਼ੁਰੂਆਤ ਦੇਸ਼ ਨੂੰ ਮਿਲੀ ਆਜਾਦੀ ਤੋਂ ਬਾਅਦ ਕਾਇਮ ਹੋਏ ਭਾਰਤੀ ਲੋਕਤੰਤਰ ਦੇ ਨਾਲ ਹੀ ਹੋ ਗਈ ਸੀ| ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਕੁੜੀ ਨੂੰ ਆਪਣੀ ਰਾਜਨੀਤਿਕ ਕੁਰਸੀ ਦਾ ਵਾਰਿਸ ਬਣਾਇਆ| ਸ਼੍ਰੀਮਤੀ ਇੰਦਰਾ ਗਾਂਧੀ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਸੰਜੈ ਗਾਂਧੀ ਨੂੰ ਰਾਜਨੀਤੀ ਵਿੱਚ ਉਤਾਰਿਆ ਪਰੰਤੂ ਸ੍ਰੀ ਸੰਜੈ ਗਾਂਧੀ ਦੀ ਇੱਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਹਨਾਂ ਨੇ ਆਪਣੇ ਦੂਜੇ ਪੁੱਤਰ ਨੂੰ ਰਾਜਨੀਤੀ ਵਿੱਚ ਲਿਆਂਦਾ|
ਪੰਜਾਬ ਵਿੱਚ ਦੋ ਮਹੀਨੇ ਬਾਅਦ ਵਿਧਾਨਸਭਾ ਦੀ ਚੋਣ ਹੋਣੀ ਹੈ ਅਤੇ ਇਸ ਸੰਬੰਧੀ ਵੱਖ ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਉਤਾਰਿਆ ਜਾ ਰਿਹਾ ਹੈ| ਇਹਨਾਂ ਪਾਰਟੀਆਂ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਤੋਂ ਕਈ ਅਜਿਹੇ ਹਨ ਜਿਹਨਾਂ ਦਾ ਰਾਜਨੀਤੀ ਦੇ ਖੇਤਰ ਵਿੱਚ ਨਿੱਜੀ ਯੋਗਦਾਨ ਅਤੇ ਕਾਬਲੀਅਤ ਸਿਰਫ ਇੰਨੀ ਹੀ ਹੈ ਕਿ ਉਹ ਇਸ              ਖੇਤਰ ਵਿੱਚ ਪਹਿਲਾਂ ਤੋਂ ਸਥਾਪਿਤ ਕਿਸੇ ਕੱਦਾਵਰ ਆਗੂ ਦੇ ਪਰਿਵਾਰ ਵਿੱਚੋਂ ਹਨ| ਇਹਨਾਂ ਉਮੀਦਵਾਰਾਂ ਵਿੱਚ ਵੱਡੇ ਸਿਆਸੀ ਆਗੂਆਂ ਦੀਆ ਪਤਨੀਆਂ, ਪੁੱਤਰਾਂ ਅਤੇ ਧੀਆਂ ਤੋਂ ਇਲਾਵਾ ਹੋਰਨਾਂ ਨਜਦੀਕੀ ਰਿਸ਼ਤੇਦਾਰਾਂ ਨੂੰ ਵੀ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ|
ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਇਸ ਤਰੀਕੇ ਨਾਲ ਆਪਣੇ ਸੀਨੀਅਰ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਨ ਦਾ ਸਭ ਤੋਂ ਵੱਡਾ ਨੁਕਸਾਨ ਇਹਨਾਂ ਪਾਰਟੀਆਂ ਨਾਲ ਸੰਬੰਧਿਤ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੀ ਹੁੰਦਾ ਹੈ ਜਿਹੜੇ ਸਾਲਾਂ ਬੱਧੀ ਆਪਣੀ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਕਦੇ ਤਾਂ ਉਹਨਾਂ ਦੀ ਮਿਹਨਤ ਰੰਗ ਲਿਆਏਗੀ| ਹੈਰਾਨੀ ਦੀ ਗੱਲ ਹੈ ਕਿ ਵੱਖ ਵੱਖ ਸਿਆਸੀ ਆਗੂ ਰਾਜਨੀਤੀ ਵਿੱਚ ਲਗਾਤਾਰ ਵੱਧਦੇ ਪਰਿਵਾਰਵਾਦ ਦੇ ਗਲਬੇ ਨੂੰ ਇਹ ਕਹਿ ਕੇ ਜਾਇਜ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇਕਰ ਡਾਕਟਰ ਦਾ ਪੁੱਤਰ ਡਾਕਟਰ ਅਤੇ ਵਕੀਲ ਦਾ ਪੁੱਤਰ ਵਕੀਲ ਬਣ ਸਕਦਾ ਹੈ ਤਾਂ ਫਿਰ ਰਾਜਨੇਤਾ ਦਾ ਪੁੱਤਰ ਰਾਜਨੇਤਾ ਕਿਉਂ ਨਹੀਂ ਬਣ ਸਕਦਾ| ਪਰੰਤੂ ਅਜਿਹੀ ਦਲੀਲ ਦੇਣ ਵਾਲੇ ਇਹ ਰਾਜਨੇਤਾ ਇਹ ਭੁੱਲ ਜਾਂਦੇ ਹਨ ਕਿ ਇਹ ਰਜਵਾੜਾਸ਼ਾਹੀ ਨਹੀਂ ਹੈ ਅਤੇ ਅਜਿਹਾ ਕਰਕੇ ਉਹ ਲੋਕਤੰਤਰ ਦੀ ਮੂਲ ਭਾਵਨਾ ਦੀ ਹੀ ਅਣਦੇਖੀ ਕਰਦੇ ਹਨ|
ਸਿਆਸਤ ਵਿੱਚ ਲਗਾਤਾਰ ਵੱਧਦਾ ਪਰਿਵਾਰਵਾਦ ਦਾ ਇਹ ਗਲਬਾ ਇਹਨਾਂ ਨੇਤਾਵਾਂ ਅਤੇ ਉਹਨਾਂ ਦੇ ਨਜਦੀਕੀ ਰਿਸ਼ਤੇਦਾਰਾਂ ਨੂੰ ਤਾਂ ਤਾਕਤ ਦਿੰਦਾ ਹੈ ਪਰੰਤੂ ਇਸ ਕਾਰਣ ਆਮ ਵਰਕਰਾਂ ਦਾ ਹੱਕ ਮਾਰ ਦਿੱਤਾ ਜਾਂਦਾ ਹੈ| ਲੋਕਤੰਤਰ ਦੀ ਮਜਬੂਤੀ ਲਈ ਇਹ ਜਰੂਰੀ ਹੈ ਕਿ ਸਾਡੀ ਰਾਜਨੀਤੀ ਪਰਿਵਾਰਵਾਦ ਦੇ ਇਸ ਗਲਬੇ ਤੋਂ ਬਾਹਰ ਨਿਕਲੇ ਅਤੇ ਇਸਨੂੰ ਰਾਜਨੇਤਾਵਾਂ ਦੀ ਜੱਦੀ ਜਾਗੀਰ ਨਾ ਬਣਨ ਦਿੱਤਾ ਜਾਵੇ| ਵੋਟਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਰੱਦ ਕਰਨ ਅਤੇ ਹੁਣ ਇਹ ਵੋਟਰਾਂ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਉਣ ਵਾਲੀਆਂ ਚੋਣਾ ਵਿੱਚ ਅਜਿਹੇ ਉਮੀਦਵਾਰਾਂ ਨੂੰ ਕਿੰਨਾ ਕੁ ਮੂੰਹ ਲਾਉਂਦੇ ਹਨ|

Leave a Reply

Your email address will not be published. Required fields are marked *