ਰਾਜਨੀਤੀ ਦੀ ਭੇਂਟ ਚੜ੍ਹ ਗਏ  ਪੰਜਾਬੀਆਂ ਦੇ ਅਹਿਮ ਮੁੱਦੇ!

ਐਸ  ਏ ਐਸ ਨਗਰ, 15 ਜੂਨ (ਸ. ਬ.) ਪੰਜਾਬ ਵਿਚ ਕੈਪਟਨ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਪੰਜਾਬੀਆਂ ਨੂੰ ਆਸ ਬਣ ਗਈ ਸੀ ਕਿ ਹੁਣ ਉਹਨਾਂ ਦੇ ਸਾਰੇ ਮਸਲੇ ਹਲ ਹੋ ਜਾਣਗੇ ਅਤੇ ਪੰਜਾਬੀਆਂ ਦੇ ਅਹਿਮ ਮੁੱਦਿਆਂ ਉੱਪਰ ਕੈਪਟਨ ਸਰਕਾਰ ਜਲਦੀ ਹੀ ਯੋਗ ਕਾਰਵਾਈ ਕਰੇਗੀ ਪਰ ਕੈਪਟਨ ਸਰਕਾਰ ਨੂੰ ਬਣਿਆ ਦੋ ਮਹੀਨੇ ਤੋਂ ਜਿਆਦਾ ਸਮਾਂ ਹੋ ਚੁਕਿਆ ਹੈ ਅਤੇ ਪੰਜਾਬੀਆਂ ਦੇ ਮੁੱਦੇ ਅਤੇ ਮਸਲੇ ਹਲ ਹੋਣ ਦੀ ਥਾਂ ਪਹਿਲਾਂ ਵਾਂਗ ਹੀ ਲਮਕ ਰਹੇ ਹਨ|
ਇਹਨਾਂ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿਚ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਖੁਦਕੁਸ਼ੀਆਂ ਕਰ ਚੁਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਪਰ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਕੋਈ ਗਲ ਹੀ ਨਹੀਂ ਕੀਤੀ ਗਈ| ਇਸੇ ਤਰ੍ਹਾਂ ਪੰਜਾਬ ਵਿਚ ਸੋਨੇ ਦੇ ਭਾਅ ਵਿਕ ਰਹੇ ਰੇਤੇ ਬਜਰੀ ਦੀਆਂ ਕੀਮਤਾਂ ਘਟ ਕਰਨ ਲਈ ਵੀ ਕੈਪਟਨ ਸਰਕਾਰ ਕੋਈ ਕਾਰਵਾਈ ਕਰਨ  ਵਿਚ ਅਸਫਲ ਰਹੀ ਹੈ| ਹਾਲ ਤਾਂ ਇਹ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਵਲੋਂ ਹੀ ਕੁਝ ਖੱਡਾਂ ਦਾ ਠੇਕਾ ਲੈਣ ਕਾਰਨ ਕੈਪਟਨ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ| ਭਾਵੇਂ ਕਿ ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਹੁਕਮ ਦਿਤਾ ਹੈ ਪਰ ਅਸਲੀਅਤ ਸਭ ਨੂੰ ਪਤਾ ਚਲ ਗਈ ਹੈ| ਕੈਪਟਨ ਸਰਕਾਰ ਹੋਂਦ ਵਿਚ ਆਉਣ ਨਾਲ ਸਭ ਨੂੰ ਅ ਾਸ ਸੀ ਕਿ ਰੇਤੇ ਬਜਰੀ ਦੀਆਂ ਕੀਮਤਾਂ ਘਟ ਜਾਣਗੀਆਂ ਪਰ ਇਹ ਤਾਂ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਗਈਆਂ ਹਨ, ਇਸ ਤੋਂ ਇਲਾਵਾ ਰੇਤੇ ਦੀ ਟਰਾਲੀਆਂ ਅਤੇ ਟਰੱਕਾਂ ਉਪਰ ਗੁੰਡਾ ਟੈਕਸ ਵਖਰਾ ਲੱਗਦਾ ਹੈ| ਇਸ ਤਰਾਂ ਆਮ ਆਦਮੀ ਨੂੰ ਹੁਣ ਆਪਣਾ ਘਰ ਬਣਾਉਣਾ ਹੀ ਇਕ ਸਮਸਿਆ ਬਣ ਗਿਆ ਹੈ|
ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਵੀ ਕੈਪਟਨ ਸਰਕਾਰ ਅਸਫਲ ਹੋ ਗਈ ਹੈ, ਅਜੇ ਵੀ ਵੱਖ ਵੱਖ ਸਰਕਾਰੀ ਦਫਤਰਾਂ ਵਿਚ  ਪੈਸੇ ਜਾਂ ਸਿਫਾਰਸ਼ ਬਿਨਾਂ ਕੋਈ ਕੰਮ ਨਹੀਂ, ਆਮ ਲੋਕ ਆਪਣੇ ਕੰਮ ਧੰਦਿਆਂ ਲਈ ਅਜੇ ਵੀ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਨ| ਪੰਜਾਬ ਵਿਚ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿਰਫ 4 ਹਫਤਿਆਂ ਵਿਚ ਹੀ ਨਸ਼ਾ ਬੰਦ ਕਰ ਦਿਤਾ ਜਾਵੇਗਾ ਪਰ ਅਜੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇਵੱਡੇ ਤਸਕਰ ਖੁਲੇ ਆਮ ਫਿਰਦੇ ਹਨ ਜਦੋਂਕਿ ਪੁਲੀਸ ਨਿਕੇ ਮੋਟੇ ਨਸ਼ੇੜੀਆਂ ਨੂੰ ਫੜ ਕੇ ਹੀ ਵਾਹ ਵਾਹ ਬਟੋਰਨ ਲੱਗੀ ਹੋਈ ਹੈ|
ਪੰਜਾਬ ਸਰਕਾਰ ਬਿਹਤਰ  ਆਵਾਜਾਈ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ| ਅੱਜ ਵੀ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ ਦੀਆਂ ਨਵੀਆਂ ਬੱਸਾਂ ਦੇ  ਨਾਲ ਹੀ 85 ਮਾਡਲ ਦੀਆਂ ਖਟਾਰਾ ਬੱਸਾਂ ਸੜਕਾਂ ਉਪਰ ਦੌੜ ਰਹੀਆਂ ਹਨ,ਇਹਨਾਂ ਖਸਤਾਹਾਲ ਬੱਸਾਂ ਕਾਰਨ ਹਰ ਵੇਲੇ ਹੀ ਸਵਾਰੀਆਂ ਦੀ ਜਾਨ ਖਤਰੇ ਵਿਚ ਪਈ ਰਹਿੰਦੀ ਹੈ| ਮੁਹਾਲੀ ਪਟਿਆਲਾ ਰੂਟ ਉਪਰ ਜਿਆਦਾਤਰ ਪੀ ਆਰ ਟੀ ਸੀ ਦੀਆਂ ਖਟਾਰਾ ਬੱਸਾਂ ਹੀ ਚਲ ਰਹੀਆਂ ਹਨ, ਜੋ ਕਿ ਰੱਬ ਆਸਰੇ ਹੀ ਚਲੀ ਜਾ ਰਹੀਆਂ ਹਨ ਅਤੇ ਕਈ ਵਾਰ ਅੱਧ ਵਿਚਾਲੇ ਜਿਹੇ ਹੀ ਖੜ ਜਾਂਦੀਆਂ ਹਨ|
ਇਸ ਤੋਂ ਇਲਾਵਾ ਬੇਰੁਜਗਾਰੀ ਦਾ ਦੈਂਤ ਵੀ ਕੈਪਟਨ ਸਰਕਾਰ ਅੱਗੇ ਮੂੰਹ ਅੱਡੀ ਖੜਾ ਹੈ| ਕੈਪਟਨ ਸਾਹਿਬ ਨੇ ਚੋਣਾਂ ਮੌਕੇ ਹਰ ਘਰ ਇਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤਂੋ ਬਾਅਦ ਇਸ ਵਾਅਦੇ ਨੂੰ ਵੀ ਭੁੱਲ ਗਏ| ਇਹ ਜਰੂਰ ਹੈ ਕਿ ਪੰਜਾਬ ਦੇ ਇਕ ਸਾਬਕਾ ਕਾਂਗਰਸੀ ਮੁੱਖ ਮੰਤਰੀ ਦੇ ਪੋਤੇ ਨੂੰ ਜਰੂਰ ਡੀ ਐਸ ਪੀ ਭਰਤੀ ਕਰ ਦਿਤਾ ਗਿਆ|
ਇਸ ਤਰਾਂ ਲੋਕਾਂ ਦੀਆਂ ਵੋਟਾਂ ਨਾਲ ਬਣੀ ਕੈਪਟਨ ਸਰਕਾਰ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਲੋਕਾਂ ਦੇ ਮਸਲੇ ਹਲ ਕਰਨ ਵਿਚ ਅਸਫਲ ਹੋ ਗਈ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੀ ਨਿਖੇਧੀ ਕਰਨ ਦਾ ਚੰਗਾ ਮੁੱਦਾ ਮਿਲ ਗਿਆ ਹੈ|

Leave a Reply

Your email address will not be published. Required fields are marked *