ਰਾਜਨੀਤੀ ਵਿੱਚ ਵੱਧਦਾ ਗੁੰਡਾਤੰਤਰ ਲੋਕਸ਼ਾਹੀ ਲਈ ਖਤਰਾ

ਸਾਡੇ ਦੇਸ਼ ਵਿੱਚ ਲੋਕਸ਼ਾਹੀ ਹੈ ਜਿਸਦੇ ਤਹਿਤ ਇੱਥੇ ਜਨਤਾ ਦੀ ਨੁਮਾਇੰਦਗੀ ਕਰਨ ਵਾਲੀਆਂ ਵੱਡੀ ਗਿਣਤੀ ਸਿਆਸੀ ਪਾਰਟੀਆਂ ਮੌਜੂਦ ਹਨ ਜਿਹੜੀਆਂ ਚੋਣ ਅਮਲ ਰਾਂਹੀ ਸੱਤਾ ਤੇ ਕਾਬਿਜ ਹੁੰਦੀਆਂ ਹਨ| ਹਾਲਾਂਕਿ ਇਹ ਵੀ ਇਕ ਹਕੀਕਤ ਹੈ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚ ਗੁੰਡੇ ਬਦਮਾਸ਼ਾਂ ਦਾ ਬੋਲਬਾਲਾ ਹੈ ਅਤੇ ਇਹਨਾਂ ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਗੰਭੀਰ ਜੁਰਮਾਂ (ਜਿਹਨਾਂ ਵਿੱਚ ਕਤਲ, ਬਲਾਤਕਾਰ, ਡਕੈਤੀ ਵਰਗੇ ਜੁਰਮ ਵੀ ਸ਼ਾਮਿਲ ਹਨ) ਵਿੱਚ ਸ਼ਾਮਿਲ ਮੁਜਰਿਮਾਂ ਨੂੰ ਆਪਣੀ ਪਾਰਟੀ ਟਿਕਟ ਦੇ ਕੇ ਚੋਣਾਂ ਲੜਵਾਈਆਂ ਜਾਂਦੀਆਂ ਹਨ|
ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹੇ ਵਿਅਕਤੀ ਜਿਹਨਾਂ ਦਾ ਪੇਸ਼ਾ ਹੀ ਜੁਰਮ ਕਰਨਾ ਹੋਵੇ ਉਹ ਭਲਾ ਆਮ ਜਨਤਾ ਦਾ ਕੀ ਸਵਾਰ ਸਕਦੇ ਹਨ| ਪਰੰਤੂ ਦੇਸ਼ ਦੀਆਂ ਸਿਆਸੀ ਪਾਰਟੀਆਂ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਜਿਹਨਾਂ ਉਮੀਦਵਾਰਾਂ ਨੂੰ ਉਹਨਾਂ ਵਲੋਂ ਆਪਣੀ ਪਾਰਟੀ ਦੀ ਟਿਕਟ ਤੇ ਚੋਣ ਲੜਾਈ ਜਾਂਦੀ ਹੈ ਉਹਨਾਂ ਦਾ ਨਿੱਜੀ ਕਿਰਦਾਰ ਕੀ ਹੈ ਬਲਕਿ ਉਹਨਾਂ ਨੂੰ ਤਾਂ ਸਿਰਫ ਚੋਣ ਜਿੱਤਣ ਦੀ ਸਮਰਥਾ ਰੱਖਣ ਵਾਲੇ ਉਮੀਦਵਾਰਾਂ ਦੀ ਲੋੜ ਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਸਿਆਸੀ ਪਾਰਟੀ ਵਲੋਂ ਮੁਜਰਿਮਾਂ ਤਕ ਨੂੰ ਆਪਣਾ ਚਿਹਰਾ ਬਣਾਇਆ ਜਾਂਦਾ ਹੈ|
ਗੱਲ ਇੱਥੇ ਹੀ ਨਹੀਂ ਮੁੱਕਦੀ| ਲਗਭਗ ਸਾਰੇ ਹੀ ਸਿਆਸੀ ਆਗੂ ਆਪਣੀ ਸਿਆਸਤ ਚਮਕਾਉਣ ਅਤੇ ਵਿਰੋਧੀਆਂ ਨੂੰ ਡਰਾਉਣ ਲਈ ਗੁੰਡਾ ਅਨਸਰਾਂ ਦਾ ਸਹਾਰਾ ਲੈਂਦੇ ਹਨ| ਇਹ ਸਿਆਸੀ ਆਗੂ ਨਾ ਸਿਰਫ ਗੁੰਡੇ ਬਦਮਾਸ਼ਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਬਲਕਿ ਬਾਕਾਇਦਾ ਉਹਨਾਂ ਨੂੰ ਪਾਲਦੇ ਹਨ| ਇਹ ਗੁੰਡੇ ਆਪਣੇ ਸਿਆਸੀ ਆਕਾਵਾਂ ਰਾਜਸੀ ਆਗੂ ਦਾ ਹਰ ਜਾਇਜ ਨਾਜਾਇਜ ਕੰਮ ਸਿਰੇ ਚੜ੍ਹਾਉਂਦੇ ਹਨ ਜਿਸਦੇ ਬਦਲੇ ਇਹ ਸਿਆਸੀ ਆਗੂ ਇਹਨਾਂ ਗੁੰਡਿਆਂ ਨੂੰ ਸਰਪਰਸਤੀ ਦਿੰਦੇ ਹਨ|
ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਸਿਆਸੀ ਆਗੂ ਹਨ ਜੋ ਕਿ ਪਹਿਲਾਂ ਗੁੰਡੇ ਬਦਮਾਸ਼ ਜਾਂ ਡਾਕੂ ਤਕ ਹੁੰਦੇ ਸਨ ਪਰ ਹੁਣ ਰਾਜਨੀਤੀ ਵਿੱਚ ਆ ਕੇ ਆਪਣੇ ਆਪ ਨੂੰ ਸਫੈਦਪੋਸ਼ ਕਹਾਉਂਦੇ ਹਨ| ਇਹ ਗੁੰਡਾ ਅਨਸਰ ਭਾਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ| ਇਹਨਾਂ ਮੁਜਰਿਮਾਂ ਦੇ ਸਿਆਸਤ ਵਿੱਚ ਵੱਧਦੇ ਦਖਲ ਦਾ ਹੀ ਨਤੀਜਾ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿਚ ਚੋਣਾਂ ਦੌਰਾਨ ਵੱਡੇ ਪੱਧਰ ਤੇ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਚੋਣ ਹਿੰਸਾ ਦੀਆਂ ਇਹਨਾਂ ਘਟਨਾਵਾਂ ਦੌਰਾਨ ਵੱਡੀ ਗਿਣਤੀ ਲੋਕ ਆਪਣੀਆਂ ਜਾਨਾਂ ਗਵਾਉਂਦੇ ਹਨ| ਇਹ ਹਿੰਸਾ ਸਿਆਸੀ ਆਗੂਆਂ ਵਲੋਂ ਪਾਲੇ ਹੋਏ ਗੁੰਡਿਆਂ ਵਲੋਂ ਹੀ ਕੀਤੀ ਜਾਂਦੀ ਹੈ|
ਹਾਲਾਤ ਇਹ ਹਨ ਕਿ ਸਾਡੇ ਦੇਸ਼ ਦਾ ਲੋਕਤੰਤਰ ਹੁਣ ਪੂਰੀ ਤਰ੍ਹਾਂ ਗੁੰਡਾ ਤੰਤਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ| ਇਸਦੇ ਨਾਲ ਹੀ ਸਿਆਸੀ ਹਿੰਸਾ ਦਾ ਇੱਕ ਨਵਾਂ ਰੂਪ (ਭੀੜਤੰਤਰ) ਵੀ ਸਾਮ੍ਹਣੇ ਆਇਆ ਹੈ| ਪਿਛਲੇ ਸਮੇਂ ਦੌਰਾਨ ਫਿਰਕੂ ਸਿਆਸਤ ਦਾ ਦੌਰ ਵੀ ਵੱਧ ਗਿਆ ਹੈ ਅਤੇ ਹਿੰਸਕ ਭੀੜ ਵਲੋਂ (ਖਾਸਕਰ) ਗਊ ਹੱਤਿਆ ਦੇ ਨਾਮ ਤੇ ਨਿਰਦੋਸ਼ ਲੋਕਾਂ ਨੂੰ ਕੁਟ ਕੁਟ ਕੇ ਮਾਰਨ ਦੀਆਂ ਕਈ ਵਾਰਦਾਤਾਂ ਵਾਪਰ ਚੱਕੀਆਂ ਹਨ| ਅਜਿਹੀਆਂ ਕਾਰਵਾਈਆਂ ਨਾਲ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਿਆਸੀ ਲਾਹਾ ਹਾਸਿਲ ਕੀਤਾ ਜਾਂਦਾ ਰਿਹਾ ਹੈ ਅਤੇ ਤ੍ਰਾਸਦੀ ਇਹ ਹੈ ਕਿ ਇਸ ਦੌਰਾਨ ਹੋਣ ਵਾਲੀ ਸਿਆਸੀ ਦਖਲਅੰਦਾਜੀ ਕਾਰਨ ਅਜਿਹੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣਾ ਤਾਂ ਦੂਰ ਦੀ ਗੱਲ ਅਜਿਹੇ ਵਿਅਕਤੀਆਂ ਦਾ ਬਾਕਾਇਦਾ ਸਨਮਾਨ ਤਕ ਕੀਤਾ ਜਾਂਦਾ ਹੈ|
ਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਵਿੱਚ ਗੁੰਡਾ ਅਨਸਰਾਂ ਦੀ ਮਜਬੂਤ ਪਕੜ ਬਣ ਚੁੱਕੀ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸਤ ਦਾ ਹੁਣ ਪੂਰੀ ਤਰ੍ਹਾਂ ਅਪਰਾਧੀਕਰਣ ਹੋ ਗਿਆ ਹੈ| ਸਾਡੇ ਕਾਨੂੰਨ ਘਾੜਿਆਂ ਵਲੋਂ ਸਮੇਂ ਦੇ ਨਾਲ ਨਾਲ ਗੁੰਡੇ ਬਦਮਾਸ਼ਾਂ ਨੂੰ ਸਿਆਸਤ ਤੇ ਕਾਬਿਜ ਹੋਣ ਲਈ ਅਜਿਹੀਆਂ ਕਈ ਚੋਰ ਮੋਰੀਆਂ ਮੁਹਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ ਜਿਹਨਾਂ ਸਹਾਰੇ ਇਹ ਅਪਰਾਧੀ ਪੂਰੀ ਤਰ੍ਹਾਂ ਬੇਖੌਫ ਹੋ ਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ ਅਤੇ ਲੋਕ ਤੰਤਰ ਲਈ ਗੰਭੀਰ ਖਤਰਾ ਬਣ ਚੁੱਕੇ ਹਨ| ਦੇਸ਼ ਦੇ ਕਾਨੂੰਨ ਅਨੁਸਾਰ ਜੇਲ੍ਹ ਵਿੱਚ ਬੰਦ ਕੋਈ ਵਿਅਕਤੀ ਵੋਟ ਨਹੀਂ ਪਾ ਸਕਦਾ, ਪਰ ਰਾਜਸੀ ਆਗੂ ਜੇਲ੍ਹ ਵਿਚ ਹੋਵੇ ਤਾਂ ਵੀ ਉਹ ਚੋਣ ਲੜ ਸਕਦਾ ਹੈ| ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਹੀ ਰਾਜਨੀਤੀ ਵਿੱਚ ਗੁੰਡਾ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ|
ਰਾਜਨੀਤੀ ਵਿੱਚ ਮੁਜਰਿਮਾਂ ਦਾ ਲਗਾਤਾਰ ਵੱਧਦਾ ਗਲਬਾ ਲੋਕਤੰਤਰ ਲਈ ਗੰਭੀਰ ਖਤਰਾ ਹੈ ਅਤੇ ਇਸ ਤੇ ਰੋਕ ਲਈ ਚੋਣ ਕਮਿਸ਼ਨ ਨੂੰ ਆਪਣੀ ਜਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ| ਸਿਆਸੀ ਆਗੂਆਂ ਤੋਂ ਤਾਂ ਅਜਿਹੀ ਕੋਈ ਉਮੀਦ ਕਰਨੀ ਹੀ ਨਹੀਂ ਚਾਹੀਦੀ ਕਿ ਉਹ ਆਪਣੀ ਇਸ ਖੇਡ ਤੋਂ ਬਾਹਰ ਆਉਣਗੇ ਕਿਉਂਕਿ ਜਿਆਦਾਤਰ ਰਾਜਨੇਤਾਵਾਂ ਦੀ ਸਿਆਸਤ ਗੁੰਡੇ ਬਦਮਾਸ਼ਾਂ ਦੇ ਜੋਰ ਤੇ ਹੀ ਚਲ ਰਹੀ ਹੈ| ਇਸ ਸੰਬੰਧੀ ਚੋਣ ਕਮਿਸ਼ਨ ਜਾਂ ਨਿਆਂਪਾਲਿਕਾ ਤੋਂ ਹੀ ਆਸ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *