ਰਾਜਪੁਰਾ ਵਿਖੇ ਰੇਲਵੇ ਫਾਟਕ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਰਾਜਪੁਰਾ ਵਿਖੇ ਰੇਲਵੇ ਫਾਟਕ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ
ਰੇਲਵੇ ਫਾਟਕ ਉਪਰ ਅੰਡਰ ਬ੍ਰਿਜ ਬਣਾਉਣ ਦੀ ਮੰਗ
ਰਾਜਪੁਰਾ, 24 ਅਪ੍ਰੈਲ ( ਜਗਮੋਹਨ ਸਿੰਘ ) ਰਾਜਪੁਰਾ ਦੇ ਪੁਰਾਣੇ ਬੱਸ ਅੱਡੇ ਨੇੜੇ ਸਥਿਤ ਰੇਲਵੇ ਫਾਟਕ ਅਕਸਰ ਹੀ ਬੰਦ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਫਾਟਕ ਦੇ ਬੰਦ ਹੋਣ ਕਰਕੇ ਲੱਗੇ ਜਾਮ ਵਿੱਚ ਫਸੇ ਵਾਹਨ ਚਾਲਕਾਂ ਨੇ ਦੱਸਿਆ ਕਿ ਇਹ ਫਾਟਕ ਦਿਨ ਵਿੱਚ ਬਹੁਤ ਵਾਰੀ ਬੰਦ ਹੁੰਦਾ ਹੈ ਅਤੇ ਕਈ ਵਾਰ ਤਾਂ ਅੱਧਾ ਅੱਧਾ ਘੰਟਾ ਬੰਦ ਰਹਿੰਦਾ ਹੈ| ਕਈ ਵਾਰ ਤਾਂ ਇਸ ਫਾਟਕ ਉਪਰ ਸਥਿਤ ਰੇਲਵੇ ਲਾਈਨ ਤੋਂ ਤਿੰਨ ਰੇਲ ਗੱਡੀਆਂ ਲੰਘਾਈਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਹੀ ਇਹ ਫਾਟਕ ਖੋਲਿਆ ਜਾਂਦਾ ਹੈ| ਕਈ ਵਾਰ ਰਾਜਪੁਰਾ ਦੇ ਸ਼ਟੇਸ਼ਨ ਉਪਰ ਹੀ ਕੋਈ ਰੇਲ ਯਾਤਰੀ ਗੱਡੀ ਜਾਂ ਮਾਲ ਗੱਡੀ ਸ਼ੰਟਿੰਗ ਕਰਨ ਲੱਗ ਜਾਂਦੀ ਹੈ ਤਾਂ ਵੀ ਇਹ ਫਾਟਕ ਬਹੁਤ ਲੰਮਾਂ ਸਮਾਂ ਬੰਦ ਰਹਿੰਦਾ ਹੈ| ਉਹਨਾਂ ਦੱਸਿਆ ਕਿ ਇਸ ਫਾਟਕ ਦੇ ਬੰਦ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹ ਰੇਲਵੇ ਫਾਟਕ ਬੰਦ ਹੋਣ ਕਾਰਨ ਲੱਗੇ ਜਾਮ ਵਿਚ ਹੋਰਨਾਂ ਵਾਹਨਾਂ ਦੇ ਨਾਲ ਨਾਲ ਬੱਸਾਂ ਵੀ ਫਸ ਜਾਂਦੀਆਂ ਹਨ, ਜਿਸ ਕਾਰਨ ਬੱਸਾਂ ਵਿਚ ਸਫਰ ਕਰਨ ਵਾਲੇ ਵਿਦਿਆਰਥੀ ਅਤੇ ਨੌਕਰੀਪੇਸ਼ਾ ਵਿਅਕਤੀ ਆਪਣੇ ਸਕੂਲ, ਕਾਲਜ ਅਤੇ ਦਫਤਰ ਤੋਂ ਲੇਟ ਹੋ ਜਾਂਦੇ ਹਨ| ਪਟਿਆਲਾ ਮੁਹਾਲੀ ਰੂਟ ਦੀਆਂ ਵੱਡੀ ਗਿਣਤੀ ਬੱਸਾਂ ਰਾਜਪੁਰਾ ਦੇ ਪੁਰਾਣੇ ਬੱਸ ਅੱਡੇ ਤੋਂ ਹੀ ਹੋ ਕੇ ਜਾਂਦੀਆਂ ਹਨ, ਜਿਸ ਕਾਰਨ ਇਹਨਾਂ ਬੱਸਾਂ ਵਿੱਚ ਰੌਜਾਨਾਂ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਸ ਤੋਂ ਇਲਾਵਾ ਬੱਸਾਂ ਵਾਲਿਆਂ ਨੇ ਵੀ ਅਗਲੇ ਅੱਡੇ ਉਪਰ ਆਪਣੇ ਸਮੇਂ ਉਪਰ ਪਹੁੰਚਣਾ ਹੁੰਦਾ ਹੈ, ਜਿਸ ਕਰਕੇ ਫਾਟਕ ਬੰਦ ਹੋਣ ਕਾਰਨ ਜਾਮ ਵਿਚ ਉਹ ਵੀ ਫਸੇ ਹੋਏ ਕਲਪਦੇ ਰਹਿੰਦੇ ਹਨ ਅਤੇ ਜਦੋਂ ਫਾਟਕ ਖੁੱਲਦਾ ਹੈ ਤਾਂ ਹਰ ਕੋਈ ਹੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਯਤਨ ਵਿੱਚ ਕਈ ਵਾਰ ਆਹਮੋ ਸਾਹਮਣੇ ਆਪਣੇ ਵਾਹਨ ਫਸਾ ਲੈਂਦੇ ਹਨ ਇਸ ਤਰ੍ਹਾਂ ਲੰਮਾਂ ਜਾਮ ਤਾਂ ਲੱਗਦਾ ਵੀ ਹੈ ਅਤੇ ਵਾਹਨ ਚਾਲਕ ਵੀ ਇੱਕ ਦੂਜੇ ਨਾਲ ਉਲਝ ਜਾਂਦੇ ਹਨ ਤੇ ਕਈ ਵਾਰ ਨੌਬਤ ਹੱਥੋਪਾਈ ਤੱਕ ਵੀ ਆ ਜਾਂਦੀ ਹੈ|
ਇਸ ਫਾਟਕ ਦੇ ਬੰਦ ਹੋਣ ਕਾਰਨ ਲੱਗੇ ਜਾਮ ਵਿੱਚ ਫਸੇ ਲੋਕ ਗਰਮੀ ਦੇ ਇਸ ਮੌਸਮ ਵਿੱਚ ਬਹੁਤ ਦੁਖੀ ਹੁੰਦੇ ਹਨ| ਨਿੱਕੇ ਬੱਚਿਆਂ ਦਾ ਤਾਂ ਗਰਮੀ ਕਾਰਨ ਰੋ- ਰੋ ਬੁਰਾ ਹਾਲ ਹੋ ਜਾਂਦਾ ਹੈ|
ਇਸ ਫਾਟਕ ਦੇ ਬੰਦ ਹੋਣ ਕਾਰਨ ਜਾਮ ਵਿੱਚ ਫਸੀਆਂ ਬੱਸਾਂ ਵੀ ਆਪਣੇ ਸਮੇਂ ਤੋਂ ਲੇਟ ਹੋ ਜਾਂਦੀਆਂ ਹਨ ਜਿਸ ਕਰਕੇ ਇਹਨਾਂ ਬੱਸਾਂ ਨੂੰ ਡਰਾਇਵਰ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ, ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਡਰਾਇਵਰ ਵੀ ਆਪਣੀ ਥਾਂ ਸਹੀ ਹੁੰਦੇ ਹਨ ਕਿ ਉਂਕਿ ਉਹਨਾਂ ਨੇ ਅਗਲੇ ਅੱਡੇ ਉਪਰ ਆਪਣੀ ਬੱਸ ਨਿਸ਼ਚਿਤ ਸਮੇਂ ਉਪਰ ਹੀ ਪੁਹੁੰਚਾਉਂਨੀ ਹੁੰਦੀ ਹੈ ਅਤੇ ਬੱਸ ਦੇ ਲੇਟ ਹੋਣ ਕਰਕੇ ਉਸਦਾ ਹੋਰਨਾਂ ਬੱਸਾਂ ਵਾਲਿਆਂ ਨਾਲ ਸਵਾਰੀਆਂ ਚੜਾਉਣ ਕਰਕੇ ਰੌਲਾ ਪੈ ਜਾਂਦਾ ਹੈ|
ਜਦੋਂ ਇਹ ਫਾਟਕ ਲੰਮਾਂ ਸਮਾਂ ਬੰਦ ਰਹਿੰਦਾ ਹੈ ਤਾਂ ਇਸ ਫਾਟਕ ਦੇ ਦੋਵੇਂ ਪਾਸੇ ਲੱਗੀਆਂ ਰੇਹੜੀਆਂ ਵਾਲੇ ਵਾਹਨਾਂ ਅਤੇ ਬੱਸਾਂ ਵਿੱਚ ਬੈਠੇ ਲੋਕਾਂ ਨੂੰ ਆਪਣਾ ਸਮਾਨ ਵੇਚ ਕੇ ਚੰਗੀ ਦਿਹਾੜੀ ਬਣਾ ਲੈਂਦੇ ਹਨ| ਇਲਾਕਾ ਵਾਸੀਆਂ, ਵਾਹਨ ਚਾਲਕਾਂ ਅਤੇ ਰੌਜਾਨਾ ਸਫਰ ਕਰਨ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਸ ਫਾਟਕ ਉਪਰ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਕਿ ਵਾਰ ਵਾਰ ਲੰਮੇਂ ਸਮੇਂ ਲਈ ਬੰਦ ਹੁੰਦੇ ਇਸ ਫਾਟਕ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ|

Leave a Reply

Your email address will not be published. Required fields are marked *