ਰਾਜਾ ਵੜਿੰਗ ਨੇ ਟਕਸਾਲੀ ਕਾਂਗਰਸੀਆਂ ਦੇ ਹੱਕ ਦੀ ਗੱਲ ਕੀਤੀ: ਮਨਜੋਤ ਸਿੰਘ

ਐਸ ਏ ਐਸ ਨਗਰ, 14 ਜੂਨ (ਸ.ਬ.) ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਪਾਰਟੀ ਹਾਈ ਕਮਾਂਡ ਨੂੰ ਪਾਰਟੀ ਦੇ ਮਿਹਨਤੀ ਵਰਕਰਾਂ ਅਤੇ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਸਬੰਧੀ ਕੀਤੇ ਗਏ ਟਵੀਟ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਇਸ ਸਬੰਧੀ ਹਲਕਾ ਆਨੰਦਪੁਰ ਸਾਹਿਬ ਤੋਂ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸ੍ਰ. ਮਨਜੋਤ ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਕਿ ਰਾਜਾ ਵੜਿੰਗ ਨੇ ਆਮ ਲੋਕਾਂ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਕਾਂਗਰਸੀ ਵਰਕਰਾਂ, ਜਿਨ੍ਹਾਂ ਨੇ ਦਸ ਸਾਲ ਅਕਾਲੀ ਭਾਜਪਾ ਸਰਕਾਰ ਵੇਲੇ ਜੁਲਮ ਸਹੇ, ਇਹ ਹੱਕਾਂ ਦੀ ਗੱਲ ਕਰਕੇ ਇੱਕ ਪਾਸੇ ਜਿੱਥੇ ਟਕਸਾਲੀ ਕਾਂਗਰਸੀਆਂ ਦਾ ਦਿਲ ਜਿੱਤ ਲਿਆ ਹੈ ਉੱਥੇ ਨਾਲ ਹੀ ਪਾਰਟੀ ਹਾਈ ਕਮਾਂਡ ਨੂੰ ਟਕਸਾਲੀ ਕਾਂਗਰਸੀ ਵਰਕਰਾਂ ਦਾ ਧਿਆਨ ਰੱਖਣ ਲਈ ਵੀ ਚੇਤੇ ਕਰਵਾਇਆ ਹੈ |
ਅੱਜ ਇੱਕ ਬਿਆਨ ਵਿੱਚ ਸ੍ਰ. ਮਨਜੋਤ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਦਾ ਟਵੀਟ ਬਹੁਤ ਸਾਫ ਅਤੇ ਸਪੱਸ਼ਟ ਸੀ ਜਿਸ ਵਿੱਚ ਪਾਰਟੀ ਨਾਲ ਜੁੜੇ ਆਮ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿਵਾਉਣ ਦੀ ਗੱਲ ਕਹੀ ਗਈ ਹੈ ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੇਅਰਮੈਨੀਆਂ ਦੀਆਂ ਜ਼ਿੰਮੇਵਾਰੀਆਂ ਕੇਵਲ ਪਾਰਟੀ ਦੇ ਉਨ੍ਹਾਂ ਅਣਥੱਕ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੇ ਪਾਰਟੀ ਨੂੰ 2017 ਵਿੱਚ ਹਰ ਹਾਲ ਵਿੱਚ ਚੋਣਾਂ ਜਿਤਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕੀ ਰੱਖੀ ਸੀ|
ਉਹਨਾਂ ਕਿਹਾ ਕਿ ਹਾਲਾਂਕਿ ਨੌਜਵਾਨਾਂ ਵਿੱਚ ਰਾਜਾ ਵੜਿੰਗ ਨੂੰ ਪਾਰਟੀ ਵੱਲੋਂ ਮੰਤਰੀ ਨਾ ਬਣਾਏ ਜਾਣ ਕਾਰਨ ਭਾਰੀ ਨਿਰਾਸ਼ਾ ਹੈ ਪ੍ਰੰਤੂ ਰਾਜਾ ਵੜਿੰਗ ਜਿਹੇ ਲੀਡਰਾਂ ਨੂੰ ਜਨਤਾ ਵਿੱਚ ਹਰਮਨ ਪਿਆਰਾ ਹੋਣ ਲਈ ਮੰਤਰੀ ਦੀ ਕੁਰਸੀ ਨਹੀਂ ਬਲਕਿ ਪਾਰਟੀ ਦੇ ਆਮ ਵਰਕਰਾਂ ਅਤੇ ਜ਼ਮੀਨੀ ਪੱਧਰ ਤੇ ਜੁੜੇ ਕਾਂਗਰਸੀ ਵਰਕਰਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ ਅਤੇ ਅਸ਼ੀਰਵਾਦ ਹੀ ਕਾਫੀ ਹੈ |
ਉਨ੍ਹਾਂ ਭਰੋਸਾ ਜਤਾਇਆ ਕਿ ਪਾਰਟੀ ਹਾਈਕਮਾਂਡ ਵੱਲੋਂ ਚੇਅਰਮੈਨੀਆਂ ਸਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਟਕਸਾਲੀ ਕਾਂਗਰਸੀਆਂ ਅਤੇ ਜ਼ਮੀਨ ਤੇ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਲੜਾਈਆਂ ਲੜਨ ਵਾਲੇ ਵਰਕਰਾਂ ਦੇ ਹਿਤਾਂ ਬਾਰੇ ਖਿਆਲ ਰੱਖੇਗੀ|

ਰਾਜਾ ਵੜਿੰਗ ਨੇ ਟਕਸਾਲੀ ਕਾਂਗਰਸੀਆਂ ਦੇ ਹੱਕ ਦੀ ਗੱਲ ਕੀਤੀ: ਮਨਜੋਤ ਸਿੰਘ

Leave a Reply

Your email address will not be published. Required fields are marked *