ਰਾਜ ਵਿੱਚ ਮੁੜ ਪੰਚਾਇਤ ਚੋਣਾਂ ਨਹੀਂ, ਨਤੀਜਿਆਂ ਦਾ ਐਲਾਨ ਕੀਤਾ ਜਾਵੇ: ਸੁਪਰੀਮ ਕੋਰਟ

ਪੱਛਮੀ ਬੰਗਾਲ, 24 ਅਗਸਤ (ਸ.ਬ.) ਪੱਛਮੀ ਬੰਗਾਲ ਪੰਚਾਇਤ ਚੋਣ ਮਾਮਲੇ ਵਿੱਚ ਮਮਤਾ ਬੈਨਰਜੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ| ਕੋਰਟ ਨੇ ਕਿਹਾ ਕਿ ਬਿਨਾਂ ਕਿਸੇ ਵਿਰੋਧ ਤੋਂ ਜਿੱਤੀਆਂ ਸੀਟਾਂ ਉਤੇ ਮੁੜ ਚੋਣਾਂ ਨਹੀਂ ਹੋਣਗੀਆਂ| ਕੋਰਟ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਸੀਟਾਂ ਦੇ ਨਤੀਜੇ ਐਲਾਨ ਕਰਨ ਨੂੰ ਕਿਹਾ ਹੈ, ਜਿੱਥੇ ਸਿਰਫ ਇਕ ਉਮੀਦਵਾਰ ਚੁਣਾਵੀਂ ਮੈਦਾਨ ਵਿੱਚ ਸੀ| ਕੋਰਟ ਨੇ 20 ਹਜ਼ਾਰ ਤੋਂ ਜ਼ਿਆਦਾ ਸੀਟਾਂ ਦੇ ਨਤੀਜੇ ਐਲਾਨ ਕਰਨ ਉਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ| ਪੱਛਮੀ ਬੰਗਾਲ ਪੰਚਾਇਤ ਚੋਣਾਂ ਦੌਰਾਨ ਵਿਰੋਧੀ ਧਿਰ ਪਾਰਟੀਆਂ ਨੇ ਇਲਜਾਮ ਲਗਾਏ ਸਨ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ਼ ਨਹੀਂ ਕਰਨ ਦਿੱਤਾ ਜਾ ਰਿਹਾ ਹੈ| ਇਸ ਉਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਲਈ 30 ਦਿਨਾਂ ਦੇ ਅੰਦਰ ਚੋਣ ਪਟੀਸ਼ਨ ਦਾਖ਼ਲ ਕੀਤੀ ਜਾ ਸਕਦੀ ਹੈ| ਜ਼ਿਕਰਯੋਗ ਹੈ ਕਿ 58,692 ਸੀਟਾਂ ਉਤੇ ਹੋਈਆਂ ਪੰਚਾਇਤ ਚੋਣਾਂ ਵਿੱਚ ਜ਼ਿਆਦਾਤਰ ਸੀਟਾਂ ਤ੍ਰਣਮੂਲ ਕਾਂਗਰਸ ਨੇ ਜਿੱਤੀਆਂ ਸਨ| 20,159 ਸੀਟਾਂ ਉਤੇ ਸਿਰਫ ਇਕ ਉਮੀਦਵਾਰ ਹੀ ਖੜ੍ਹਾ ਸੀ|
ਪੰਚਾਇਤ ਚੋਣਾਂ ਦੌਰਾਨ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਹਨ| ਟੀ.ਐਮ.ਸੀ. ਸਰਕਾਰ ਉਤੇ ਦੋਸ਼ ਲਗਾਏ ਗਏ ਸਨ ਕਿ ਉਹ ਦੂਜੇ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕ ਰਹੀ ਹੈ| ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ ਘੱਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 43 ਹੋਰ ਜ਼ਖਮੀ ਹੋ ਗਏ| ਹਿੰਸਾ ਦੌਰਾਨ ਮਤਦਾਨ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ| ਤ੍ਰਣਮੂਲ ਕਾਂਗਰਸ ਅਤੇ ਵਿਰੋਧੀ ਦਲਾਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ| ਕਈ ਮਤਦਾਨ ਕੇਂਦਰਾਂ ਦੇ ਕੋਲ ਦੇਸੀ ਬੰਬ ਵੀ ਸੁੱਟੇ ਗਏ|

Leave a Reply

Your email address will not be published. Required fields are marked *