ਰਾਤੋ ਰਾਤ ਵੱਢ ਦਿੱਤਾ ਫੇਜ਼ 7 ਦੀ ਮਾਰਕੀਟ ਵਿਚਲਾ 30 ਸਾਲ ਪੁਰਾਣਾ ਦਰਖਤ ਸ਼ਿਕਾਇਤ ਮਿਲਣ ਤੇ ਪੁਲੀਸ ਵਲੋਂ ਮਾਮਲਾ ਦਰਜ

ਐਸ ਏ ਐਸ ਨਗਰ, 25 ਜਨਵਰੀ (ਜਸਵਿੰਦਰ ਸਿੰਘ) ਮੁਹਾਲੀ ਦੇ ਫੇਜ਼ 7 ਦੀ ਸ਼ੋਰੂਮ ਮਾਰਕੀਟ (ਐਚ ਐਮ ਕਵਾਟਰਾਂ ਦੇ ਸਾਮ੍ਹਣੇ) ਵਿਖੇ ਅਣਪਛਾਤੇ ਲੋਕਾਂ ਵੱਲੋਂ ਬੀਤੀ ਰਾਤ ਇਕ ਦਰੱਖਤ ਕੱਟ ਦਿੱਤਾ ਗਿਆ ਹੈ। ਇਸ ਸਬੰਧੀ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸz. ਸਰਬਜੀਤ ਸਿੰਘ ਪਾਰਸ ਵਲੋਂ ਥਾਣਾ ਮਟੌਰ ਵਿੱਚ ਸ਼ਿਕਾਇਤ ਦਿੱਤੇ ਜਾਣ ਉਪਰੰਤ ਪੁਲੀਸ ਵਲੋਂ ਦਰਖਤ ਵੱਢਣ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸz. ਸਰਬਜੀਤ ਸਿੰਘ ਪਾਰਸ (ਜੋ ਫੇਜ਼ 7 ਦੀ ਫੈਸ਼ਨ ਮਾਰਕੀਟ ਦੇ ਪ੍ਰਧਾਨ ਵੀ ਹਨ) ਨੇ ਦੱਸਿਆ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਲੱਗਿਆ ਇਹ ਦਰਖਤ ਲਗਭਗ 30 ਸਾਲ ਪੁਰਾਣਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਛਾਂ ਦਿੰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਕਿਸੇ ਵਲੋਂ ਰਾਤੋ ਰਾਤ ਇਹ ਦਰਖਤ ਵੱਢ ਦਿੱਤਾ ਗਿਆ ਹੈ ਅਤੇ ਜਦੋਂ ਉਹਨਾਂ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਇਹ ਦਰਖਤ ਵੱਢ ਕੇ ਉੱਥੇ ਹੀ ਸੁੱਟ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਰਕੀਟ ਵੱਲੋਂ ਮਟੌਰ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦਰਖਤ ਨੂੰ ਵੱਢੇ ਜਾਣ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕੋਈ ਦੁਕਾਨਦਾਰ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਦਰੱਖਤ ਲਾਉਣ ਲਈ ਪ੍ਰੇਰਿਤ ਕਰਦੇ ਹਾਂ ਤਾਂ ਕਿ ਵਾਤਾਵਰਨ ਸੁਰੱਖਿਅਤ ਰਹਿ ਸਕੇ ਅਤੇ ਇੱਥੇ 30 ਸਾਲ ਪੁਰਾਣੇ ਇਸ ਹਰੇ ਭਰੇ ਦਰਖਤ ਦਾ ਕਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਗੱਲ ਕਰਨ ਤੇ ਥਾਣਾ ਮਟੌਰ ਦੇ ਐਸਐਚਓ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਅਤੇ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *