ਰਾਤ ਗਿਆਰਾ ਵਜੇ ਤਕ ਰੈਸਟਾਰੈਂਟ ਖੋਲ੍ਹਣ ਵਾਲੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ

ਐਸ.ਏ.ਐਸ. ਨਗਰ, 7 ਜੁਲਾਈ (ਸ.ਬ.) ਮੁਹਾਲੀ ਪੁਲੀਸ ਵਲੋਂ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਸਖਤ ਰੁੱਖ ਅਖਤਿਆਰ ਕਰਦਿਆਂ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ| ਇਸ ਦੌਰਾਨ ਪੁਲੀਸ ਵਲੋਂ ਫੇਜ਼ 5 ਵਿੱਚ ਚਲਦੇ ਇੱਕ ਰੇਸਟਰੈਂਟ ਦੇ ਪ੍ਰਬੰਧਕਾਂ ਖਿਲਾਫ ਲਾਕ ਡਾਊਨ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੇਰ ਰਾਤ ਸਵਾ ਗਿਆਰਾਂ ਵਜੇ ਤੱਕ ਰੈਸਟਾਰੈਂਟ ਨੂੰ ਖੁੱਲਾ ਰੱਖਣ ਦੇ ਦੋਸ਼ ਹੇਠ ਆਈ ਪੀ ਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|
ਥਾਣਾ ਫੇਜ਼ 1 ਦੇ ਐਸ ਐਚ ਓ ਸ੍ਰ. ਮਨਫੂਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਗਸ਼ਤ ਦੌਰਾਨ ਇਸ ਵੇਖਣ ਵਿੱਚ ਆਇਆ ਕਿ ਸ਼ੋਰੂਮ ਨੰਬਰ 1-2 (ਨੇੜੇ ਕਲਿਆਣ ਜਵੈਲਰ) ਫੇਜ਼ 5 ਦੀ ਪਹਿਲੀ ਮੰਜਿਲ ਤੇ ਬਣਿਆ ਰੈਬਲ ਫੂਡ ਨਾਮ ਦਾ ਰੈਸਟਾਰੈਂਟ ਖੁੱਲਾ ਸੀ ਅਤੇ ਪੁਲੀਸ ਟੀਮ ਦੇ ਪੁੱਛਣ ਤੇ ਪ੍ਰਬੰਧਕ ਜਿਲ੍ਹਾ ਪ੍ਰਸ਼ਾਸ਼ਨ ਦੀ ਮੰਜੂਰੀ ਸੰਬਧੀ ਕੋਈ ਦਸਤਾਵੇਜ ਨਹੀਂ ਵਿਖਾ ਸਕੇ ਜਿਸ ਉਪਰੰਤ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਰੈਸਟਾਰੈਂਟ ਵਿੱਚ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਜੋ ਉਸ ਵੇਲੇ ਪੈਕਿੰਗ ਕਰ ਰਹੇ ਸਨ, ਨੂੰ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਜਮਾਨਤ ਤੇ ਛੱਡ ਦਿਤਾ ਗਿਆ|  ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਸਰਕਾਰ ਵਲੋਂ ਰਾਤ ਦਸ ਵਜੇ ਤੋਂ ਸਵੇਰੇ ਪੰਜ ਵਜੇ ਤਕ ਲਗਾਏ ਗਏ ਕਰਫਿਊ ਦੌਰਾਨ ਸੜਕਾਂ ਤੇ ਵਾਹਨ ਚਲਾ ਰਹੇ 15 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਅਤੇ 2 ਵਾਹਨਾਂ ਨੂੰ ਜਬਤ ਵੀ ਕੀਤਾ ਗਿਆ ਹੈ|

Leave a Reply

Your email address will not be published. Required fields are marked *