ਰਾਮ ਕ੍ਰਿਪਾਲ ਆਤਮ ਹੱਤਿਆ ਕੇਸ ਵਿੱਚ ਹਾਈ ਕੋਰਟ ਵੱਲੋਂ ਪੁਲੀਸ ਨੂੰ ਝਾੜ, ਕੇਸ ਸਬੰਧੀ ਸਾਰੇ ਪੇਪਰ ਮੁੜ ਲਿਆਉਣ ਲਈ ਕਿਹਾ

ਰਾਮ ਕ੍ਰਿਪਾਲ ਆਤਮ ਹੱਤਿਆ ਕੇਸ ਵਿੱਚ ਹਾਈ ਕੋਰਟ ਵੱਲੋਂ ਪੁਲੀਸ ਨੂੰ ਝਾੜ, ਕੇਸ ਸਬੰਧੀ ਸਾਰੇ ਪੇਪਰ ਮੁੜ ਲਿਆਉਣ ਲਈ ਕਿਹਾ
ਦੋਸ਼ੀਆਂ ਦੀ ਮਦਦ ਕਰਨ ਕਰਕੇ ਪੁਲੀਸ ਨੂੰ ਕਰਨਾ ਪਿਆ ਵੱਡੀ ਨਮੋਸ਼ੀ ਦਾ ਸਾਹਮਣਾ : ਸਤਨਾਮ ਦਾਊਂ
ਐਸ ਏ ਐਸ ਨਗਰ, 11 ਸਤੰਬਰ (ਸ.ਬ.) ਪਿਛਲੇ ਸਾਲ ਖਰੜ ਵਿੱਚ ਹੋਏ ਰਾਮ ਕ੍ਰਿਪਾਲ ਆਤਮ ਹੱਤਿਆ ਕੇਸ (ਐਫ ਆਈ ਆਰ 192, ਮਿਤੀ 6-9-17 ਅਧੀਨ ਧਾਰਾ 306, 34 ਆਈ.ਪੀ.ਸੀ ਥਾਣਾ ਸਿਟੀ ਖਰੜ) ਸੰਬੰਧੀ ਚਲ ਰਹੇ ਮੁਕੱਦਮੇ ਵਿੱਚ ਮਾਣਯੋਗ ਹਾਈ ਕੋਰਟ ਨੇ ਅੱਜ ਪੰਜਾਬ ਪੁਲੀਸ ਦੀ ਝਾੜ ਝੰਬ ਕਰਦਿਆਂ ਖਰੜ ਦੇ ਡੀ.ਐਸ.ਪੀ. ਨੂੰ ਹੁਕਮ ਦਿੱਤੇ ਹਨ ਕਿ ਉਹ ਅਗਲੀ ਤਰੀਕ (22 ਅਕਤੂਬਰ ਨੂੰ) ਸਹੀ ਤਰੀਕੇ ਨਾਲ ਜਾਂਚ ਕਰਕੇ ਅਤੇ ਕੇਸ ਨਾਲ ਸਬੰਧਤ ਸਾਰਾ ਰਿਕਾਰਡ ਲੈ ਕੇ ਮੁੜ ਅਦਾਲਤ ਵਿੱਚ ਹਾਜਰ ਹੋਣ|
ਇਸ ਮਾਮਲੇ ਵਿੱਚ ਪੀੜਿਤ ਪਰਿਵਾਰ ਦੀ ਮਦਦ ਕਰ ਰਹੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰ ਸਤਨਾਮ ਸਿੰਘ ਦਾਊਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਐੱਫ ਆਈ ਆਰ ਖਰੜ ਦੀ ਵਸਨੀਕ ਨਿਰਮਲਾ ਦੇਵੀ ਦੀ ਸ਼ਿਕਾਇਤ (ਜੋ ਕਿ ਉਸ ਦੇ ਪਤੀ ਵੱਲੋਂ ਆਤਮ ਹੱਤਿਆ ਕਰਨ ਤੇ ਮਾਣਯੋਗ ਹਾਈ ਕੋਰਟ ਦੀ ਸਖਤੀ ਤੋਂ ਬਾਅਦ) ਤੇ ਦਰਜ ਹੋਈ ਸੀ| ਇਸ ਐਫ.ਆਈ.ਆਰ. ਵਿੱਚ ਨਾਮਜਦ ਵਿਅਕਤੀਆਂ ਦੀਆਂ ਜਮਾਨਤ ਦੀਆਂ ਅਰਜੀਆਂ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਇਹ ਕਹਿੰਦੇ ਹੋਏ ਰੱਦ ਕਰ ਦਿੱਤੀਆਂ ਗਈਆਂ ਸਨ ਕਿ ਦੋਸ਼ੀ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਕਤਲ ਕੇਸ, ਠੱਗੀਆਂ ਮਾਰਨ ਅਤੇ ਬਲਾਤਕਾਰ ਦੇ ਕੇਸਾਂ ਵਿੱਚ ਫਸਾਉਣ ਦੇ ਕਈ ਕੇਸ ਚਲਦੇ ਹਨ ਅਤੇ ਇਨ੍ਹਾਂ ਕੇਸਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਆਤਮ ਹੱਤਿਆ ਕੇਸ ਵਿੱਚ ਇਨ੍ਹਾਂ ਦੀਆਂ ਜਮਾਨਤਾਂ ਨਹੀਂ ਹੋ ਸਕਦੀਆਂ|
ਉਹਨਾਂ ਦੋਸ਼ ਲਗਾਇਆ ਕਿ ਦੋਸ਼ੀਆਂ ਦੇ ਡੀ.ਜੀ.ਪੀ. ਪੰਜਾਬ ਪੁਲੀਸ ਦੇ ਦਫਤਰ ਵਿੱਚ ਖਾਸ ਰਸੂਖ ਹੋਣ ਕਰਕੇ, ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਦਰਜ ਐੱਫ.ਆਈ.ਆਰ. ਹੀ ਕੈਂਸਲ ਕਰਕੇ ਇੱਕ ਦੋਸ਼ੀ ਦੀ ਹਾਈ ਕੋਰਟ ਵਿੱਚੋਂ ਜਮਾਨਤ ਲੈਣ ਵਿੱਚ ਸਿੱਧੀ ਮਦਦ ਕਰ ਦਿੱਤੀ| ਇਸ ਦਾ ਪਤਾ ਲੱਗਣ ਤੇ ਪੀੜਤ ਵੱਲੋਂ ਫਿਰ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਜਿਸ ਤੇ ਹਾਈਕੋਰਟ ਨੇ ਤੁਰੰਤ ਪ੍ਰਭਾਵ ਨਾਲ ਸਟੇਅ ਜਾਰੀ ਕਰ ਦਿੱਤੀ ਅਤੇ ਸਰਕਾਰੀ ਵਕੀਲਾਂ ਨੂੰ ਕੈਂਸਲੇਸ਼ਨ ਰਿਪੋਰਟ ਬਣਾਉਣ ਵਾਲੇ ਪੁਲੀਸ ਅਧਿਕਾਰੀਆਂ ਬਾਰੇ ਪੁੱਛਿਆ ਪਰ ਉਹ ਕੋਰਟ ਨੂੰ ਕੋਈ ਸਪਸ਼ਟ ਜਾਣਕਾਰੀ ਨੂੰ ਨਾ ਦੇ ਸਕੇ| ਇਸ ਸੰਬੰਧੀ ਕੇਸ ਦੇ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਇਹ ਕੇਸ ਇੱਕ ਵਿਸ਼ੇਸ਼ ਜਾਚ ਟੀਮ (ਸਿੱਟ) ਬਣਾ ਕੇ ਡੀ.ਐਸ.ਪੀ. ਖਰੜ ਦੀ ਨਿਗਰਾਨੀ ਹੇਠ ਦਰਜ ਹੋਇਆ ਸੀ ਜਿਸ ਕਾਰਨ ਅਦਾਲਤ ਨੇ ਡੀ.ਐਸ.ਪੀ. ਖਰੜ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ|
ਉਹਨਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਅੱਜ ਸਖਤੀ ਵਰਤਦਿਆਂ ਡੀ.ਐਸ.ਪੀ. ਖਰੜ ਨੂੰ ਮੁੜ ਹੁਕਮ ਸੁਣਾਏ ਹਨ ਕਿ ਉਹ ਇਸ ਕੇਸ ਦੀ ਸਹੀ ਜਾਂਚ ਕਰਕੇ ਅਗਲੀ ਤਰੀਕ ਤੇ ਕੇਸ ਨਾਲ ਸਬੰਧਤ ਹਰ ਤਰ੍ਹਾਂ ਦਾ ਰਿਕਾਰਡ ਲੈ ਕੇ ਅਦਾਲਤ ਵਿੱਚ ਪੇਸ਼ ਹੋਣ| ਉਹਨਾਂ ਇਲਜਾਮ ਲਗਾਇਆ ਕਿ ਇਸ ਪਰਚੇ ਨੂੰ ਦਰਜ ਕਰਨ ਤੋਂ ਰੋਕਣ ਲਈ ਮੁਹਾਲੀ ਪੁਲੀਸ ਪਿਛਲੇ 2 ਸਾਲਾਂ ਤੋਂ ਪੂਰਾ ਵਾਹ ਲਗਾਈ ਗਈ ਸੀ ਅਤੇ ਇੱਥੋਂ ਤੱਕ ਕਿ ਮਰਨ ਵਾਲੇ ਦੀ ਪਤਨੀ ਨਿਰਮਲਾ ਦੇਵੀ, ਉਸ ਦੇ ਪੁੱਤਰ ਅਤੇ ਖੁਦ ਉਹਨਾਂ (ਸ੍ਰ. ਸਤਨਾਮ ਦਾਊਂ) ਸਮੇਤ ਹੋਰਨਾਂ ਖਿਲਾਫ ਠੱਗੀ ਦੇ ਪਰਚੇ ਵੀ ਦਰਜ ਕੀਤੇ ਗਏ ਅਤੇ ਪੀੜਤ ਪਤਨੀ ਅਤੇ ਪੁੱਤਰ ਨੂੰ ਜੇਲ੍ਹ ਭੇਜ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ| ਬਾਅਦ ਵਿੱਚ ਹਾਈ ਕੋਰਟ ਦੀ ਸਖਤੀ ਕਾਰਨ ਹੀ ਉਕਤ ਐੱਫ.ਆਈ.ਆਰ. ਦਰਜ ਹੋਈ ਸੀ|
ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਉਹਨਾਂ ਨੇ ਪੀੜਤ ਦੀ ਪਤਨੀ ਬੱਚੇ, ਐਡਵੋਕੇਟ ਤੇਜਿੰਦਰ ਸਿੰਘ, ਬਿੰਦਰ ਸਿੰਘ ਅਤੇ ਲੱਖਾ ਸਿਧਾਣਾ ਦੀ ਟੀਮ ਵਿੱਚੋਂ ਰਾਜਵਿੰਦਰ ਰਾਏਖਾਨਾ ਅਤੇ ਅਮਨਦੀਪ ਕੌਰ ਦੇ ਨਾਲ ਐਸ ਐੱਸ ਪੀ ਨੂੰ ਮਿਲ ਕੇ ਸਬੂਤਾਂ ਦੀ ਬਰਾਮਦਗੀ ਜਿਨ੍ਹਾਂ ਵਿੱਚ ਰਿਵਾਲਵਰ, ਮਰਨ ਵਾਲੇ ਦੇ ਦਸਤਖਤ ਕੀਤੇ ਹੋਏ ਖਾਲੀ ਚੈੱਕ ਅਤੇ ਅਸਟਾਮ ਪੇਪਰ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੰਗ ਪੱਤਰ ਦਿੱਤਾ ਹੈ| ਉਹਨਾਂ ਦੱਸਿਆ ਕਿ ਇਸ ਮੌਕੇ ਤੇ ਲੱਖਾ ਸਿਧਾਣਾ ਰਾਜਵਿੰਦਰ ਰਾਏਖਾਨ ਅਤੇ ਅਮਨਦੀਪ ਕੌਰ ਵੱਲੋਂ ਕਿਹਾ ਗਿਆ ਕਿ ਦੋਸ਼ੀਆ ਨੂੰ ਸਜਾ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਲੋੜ ਪੈਣ ਤੇ ਮੁੱਖ ਮੰਤਰੀ ਦਫਤਰ ਦਾ ਘੇਰਾਓ ਵੀ ਕੀਤਾ ਜਾਵੇਗਾ|

Leave a Reply

Your email address will not be published. Required fields are marked *