ਰਾਮ ਮੰਦਰ ਦੀ ਉਸਾਰੀ ਲਈ ਸੁਹਿਰਦ ਨਹੀਂ ਹੈ ਭਾਜਪਾ : ਮਹੰਤ ਜਸਬੀਰ ਦਾਸ

ਰਾਮ ਮੰਦਰ ਦੀ ਉਸਾਰੀ ਲਈ ਸੁਹਿਰਦ ਨਹੀਂ ਹੈ ਭਾਜਪਾ : ਮਹੰਤ ਜਸਬੀਰ ਦਾਸ
ਰਾਮ ਮੰਦਰ ਦੀ ਉਸਾਰੀ ਲਈ ਰਾਜਨੀਤੀ ਤੋਂ ਉੱਪਰ ਉਠ ਕੇ ਕੰਮ ਕਰਨ ਦੀ ਲੋੜ
ਐਸ ਏ ਐਸ ਨਗਰ, 19 ਜਨਵਰੀ (ਸ.ਬ.) ਸ਼ਹੀਦ ਫੇਰੂਮਾਨ ਅਕਾਲੀ ਦਲ ਦੇ ਪ੍ਰਧਾਨ ਮਹੰਤ ਜਸਬੀਰ ਦਾਸ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਰਾਮ ਮੰਦਰ ਦੀ ਉਸਾਰੀ ਲਈ ਸੁਹਿਰਦ ਨਹੀਂ ਹੈ ਬਲਕਿ ਉਹ ਹਰ ਵਾਰ ਚੋਣਾਂ ਮੌਕੇ ਰਾਮ ਮੰਦਰ ਦਾ ਮੁੱਦਾ ਚੁੱਕ ਕੇ ਦੇਸ਼ ਦੀ ਜਨਤਾ ਨੂੰ ਬੇਵਕੂਫ ਬਣਾਉਂਦੀ ਆਈ ਹੈ| ਮਹੰਤ ਜਸਬੀਰ ਦਾਸ (ਜੋ ਆਲ ਇੰਡੀਆ ਸਾਧੂ ਸਮਾਜ ਦੀ ਪੰਜਾਬ ਇਕਾਈ ਦੇ ਵੀ ਪ੍ਰਧਾਨ ਹਨ) ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਆਲ ਇੰਡੀਆ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਜਗਤਗੁਰੂ ਸ਼ਕਰਾਚਾਰਿਆ ਸੁਆਮੀ ਸਵਰੂਪਾਨੰਦ ਸਰਸਵਤੀ ਦੀ ਅਗਵਾਈ ਹੇਠ 28 ਤੋਂ 30 ਜਨਵਰੀ ਨੂੰ ਪ੍ਰਯਾਗਰਾਜ ਵਿਖੇ ਇੱਕ ਧਰਮ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਬਾਰੇ ਫੈਸਲਾ ਲਿਆ ਜਾਣਾ ਹੈ| ਉਹਨਾਂ ਕਿਹਾ ਕਿ ਇਸ ਧਰਮ ਸੰਸਦ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧੂ ਸੰਤ ਹਾਜਿਰ ਹੋਣਗੇ ਅਤੇ ਰਾਮ ਮੰਦਰ ਦੀ ਉਸਾਰੀ ਬਾਰੇ ਫੈਸਲਾ ਹੋਣ ਤੋਂ ਬਾਅਦ ਸ਼ਿਲਾਵਾਂ ਲੈ ਕੇ ਮੰਦਰ ਉਸਾਰੀ ਲਈ ਕੂਚ ਕਰਣਗੇ ਅਤੇ ਜੇਕਰ ਲੋੜ ਪਈ ਤਾਂ ਗ੍ਰਿਫਤਾਰੀਆਂ ਵੀ ਦੇਣਗੇ|
ਉਹਨਾਂ ਦੱਸਿਆ ਕਿ ਆਲ ਇੰਡੀਆ ਸਾਧੂ ਸਮਾਜ ਵਲੋਂ ਇਸ ਧਰਮ ਸੰਸਦ ਵਿੱਚ ਭਾਗ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਦਮਦਮੀ ਟਕਸਾਲ, ਬੁੱਢਾ ਦਲ, ਡੇਰਾ ਨਾਨਕਸਰ ਕਲੇਰਾਂ ਵਾਲੇ, ਬਾਬਾ ਰਣਜੀਤ ਸਿੰਘ ਢਡਰੀਆਂ ਕਲਾਂ ਸਮੇਤ ਹੋਰਨਾਂ ਧਾਰਮਿਕ ਸ਼ਖਸ਼ੀਅਤਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ ਜਿਹੜੇ ਉਹਨਾਂ ਵਲੋਂ ਇਹਨਾਂ ਸ਼ਖਸ਼ੀਅਤਾਂ ਤਕ ਪਹੁੰਚਾਏ ਜਾ ਰਹੇ ਹਨ|
ਮਹੰਤ ਜਸਬੀਰ ਦਾਸ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਵਿੱਚ ਸਭ ਤੋਂ ਵੱਡੀ ਰੁਕਾਵਟ ਇਸ ਮੁੱਦੇ ਤੇ ਹੋਣ ਵਾਲੀ ਰਾਜਨੀਤੀ ਹੀ ਹੈ ਅਤੇ ਇਸ ਮੁੱਦੇ ਦਾ ਹੱਲ ਰਾਜਨੀਤੀ ਤੋਂ ਉੱਪਰ ਉਠ ਕੇ ਹੀ ਕੱਢਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਭਾਜਪਾ ਜਦੋਂ ਸੱਤਾ ਵਿੱਚ ਹੁੰਦੀ ਹੈ ਉਦੋਂ ਉਸ ਵਲੋਂ ਰਾਮ ਮੰਦਰ ਦੀ ਉਸਾਰੀ ਲਈ ਕੁੱਝ ਨਹੀਂ ਕੀਤਾ ਜਾਂਦਾ ਅਤੇ ਹਰ ਵਾਰ ਚੋਣਾਂ ਦੌਰਾਨ ਉਹ ਰਾਮ ਮੰਦਰ ਦਾ ਮੁੱਦਾ ਭਖਾ ਦਿੰਦੀ ਹੈ|
ਉਹਨਾਂ ਕਿਹਾ ਕਿ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵਲੋਂ ਵੀ ਇਸ ਮੁੱਦੇ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਪਾਸੇ ਤਾਂ ਭਾਜਪਾ ਦੀ ਕੇਂਦਰੀ ਅਗਵਾਈ ਵਲੋਂ ਲੋਕਾਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਮੰਦਰ ਦੀ ਉਸਾਰੀ ਲਈ ਸਰਕਾਰ ਆਰਡੀਨੈਂਸ ਲਿਆਏਗੀ ਜਦੋਂਕਿ ਕਾਨੂੰਨਨ ਅਜਿਹਾ ਸੰਭਵ ਹੀ ਨਹੀਂ ਹੈ ਅਤੇ ਜਦੋਂ ਤਕ ਮਾਣਯੋਗ ਸੁਪਰੀਮ ਕੋਰਟ ਤੋਂ ਇਸਦਾ ਫੈਸਲਾ ਨਹੀਂ ਹੁੰਦਾ ਸਰਕਾਰ ਇਸ ਬਾਰੇ ਆਰੰਡੀਨੈਂਸ ਜਾਰੀ ਹੀ ਨਹੀਂ ਕਰ ਸਕਦੀ|
ਉਹਨਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਵਾਸਤੇ ਵੀ ਪੀ ਸਿੰਘ ਦੀ ਸਰਕਾਰ ਵੇਲੇ ਆਰੰਡੀਨੈਂਸ ਜਾਰੀ ਕਰਕੇ 66 ਏਕੜ ਜਮੀਨ ਅਕਵਾਇਰ ਵੀ ਕਰ ਲਈ ਗਈ ਸੀ ਪਰੰਤੂ ਹਿੰਦੂਆਂ ਦੀਆਂ ਭਾਵਨਾਵਾਂ ਅਨੁਸਾਰ ਮੰਦਰ ਦੀ ਉਸਾਰੀ ਉਸੇ ਥਾਂ ਹੋਣੀ ਚਾਹੀਦੀ ਹੈ ਜਿੱਥੇ ਰਾਮ ਲਲਾ ਦਾ ਜਨਮ ਹੋਇਆ ਸੀ ਅਤੇ ਉਹ 2.73 ਏਕੜ ਜਮੀਨ ਹੁਣੇ ਵੀ ਕਾਨੂੰਨੀ ਲੜਾਈ ਵਿੱਚ ਫਸੀ ਹੋਈ ਹੈ| ਇਸ ਸਮੱਸਿਆ ਦਾ ਹਲ ਤਾਂ ਹੀ ਸੰਭਵ ਹੈ ਜੇਕਰ ਸਾਰੀਆਂ ਧਿਰਾਂ ਰਾਜਨੀਤੀ ਤੋਂ ਉੱਪਰ ਉਠ ਕੇ ਰਾਮ ਮੰਦਰ ਦੀ ਉਸਾਰੀ ਲਈ ਅੱਗੇ ਆਉਣ| ਇਸ ਮੌਕੇ ਉਹੀਨਾਂ ਦੇ ਨਾਲ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਪੰਜਾਬ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਨਾਗੀ ਵੀ ਸਨ|

Leave a Reply

Your email address will not be published. Required fields are marked *