ਰਾਮ ਰਹੀਮ ਮਾਮਲੇ ਵਿੱਚ ਉਸਦੀ ਨੇੜਲੀ ਸਹਿਯੋਗੀ ਹਨੀਪ੍ਰੀਤ ਗ੍ਰਿਫਤਾਰ, ਪੰਚਕੂਲਾ ਪੁਲੀਸ ਭਲਕੇ ਕਰੇਗੀ ਅਦਾਲਤ ਵਿਚ ਪੇਸ਼

ਪੰਚਕੂਲਾ, 3 ਅਕਤੂਬਰ (ਸ.ਬ.) ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਪੁੱਤਰੀ ਹਨੀਪ੍ਰੀਤ ਅਖੀਰਕਾਰ ਪੰਚਕੂਲਾ ਪੁਲੀਸ ਦੀ ਗ੍ਰਿਫਤ ਵਿਚ ਆ ਗਈ ਹੈ| ਅੱਜ ਸਵੇਰੇ ਤੋਂ ਹੀ ਇਹ ਚਰਚਾ ਚਲ ਰਹੀ ਸੀ ਕਿ ਹਨੀਪ੍ਰੀਤ ਨੂੰ ਪੰਜਾਬ ਪੁਲੀਸ ਵੱਲੋਂ ਕਾਬੂ ਕਰਕੇ ਬਾਅਦ ਵਿਚ ਹਰਿਆਣਾ ਪੁਲੀਸ ਨੂੰ ਸੌਂਪਿਆ ਗਿਆ ਹੈ ਪ੍ਰੰਤੂ ਇਸਦੀ ਪੁਸ਼ਟੀ ਨਹੀਂ ਹੋ ਪਾਈ ਸੀ ਅਤੇ ਬਾਅਦ ਦੁਪਹਿਰ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਸ੍ਰੀ ਏ ਐਸ ਚਾਵਲਾ ਵੱਲੋਂ ਕਾਹਲੀ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਪੰਚਕੂਲਾ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਹਿਰਾਸਤ ਵਿਚ ਲਿਆ ਜਾ ਚੁਕਿਆ ਹੈ|
ਹਾਲਾਂਕਿ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਚਾਵਲਾ ਨੇ ਹਨੀਪ੍ਰੀਤ ਨੂੰ ਪੰਜਾਬ ਪੁਲੀਸ ਵੱਲੋਂ ਕਾਬੂ ਕਰਕੇ ਹਰਿਆਣਾ ਪੁਲੀਸ ਨੂੰ ਸੌਂਪੇ ਜਾਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਨੀਪ੍ਰੀਤ ਨੂੰ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜੀਰਕਪੁਰ ਪਟਿਆਲਾ ਹਾਈਵੇ ਤੋਂ ਕਾਬੂ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਐਸ ਆਈ ਟੀ ਦੇ ਏ ਸੀ ਪੀ ਮੁਕੇਸ਼ ਕੁਮਾਰ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਹਨੀਪ੍ਰੀਤ ਇੱਕ ਇਨੋਵਾ ਕਾਰ ਵਿੱਚ ਜਾ ਰਹੀ ਹੈ| ਜਿਸ ਤੋਂ ਬਾਅਦ ਉਸ ਨੂੰ
ਜੀਰਕਪੁਰ ਪਟਿਆਲਾ ਹਾਈਵੇ ਤੋਂ ਕਾਬੂ ਕੀਤਾ ਗਿਆ| ਉਹਨਾਂ ਕਿਹਾ ਕਿ ਪੰਜਾਬ ਦੇ ਖੇਤਰ ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਪੰਜਾਬ ਪੁਲੀਸ ਨੂੰ ਜਾਣਕਾਰੀ ਦੇ ਦਿਤੀ ਗਈ ਹੈ|
ਸ੍ਰੀ ਚਾਵਲਾ ਨੇ ਦੱਸਿਆ ਕਿ ਹਨੀਪ੍ਰੀਤ ਦੇ ਨਾਲ ਉਸਦੀ ਇੱਕ ਹੋਰ ਸਹਿਯੋਗੀ ਮਹਿਲਾ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ| ਪੰਜਾਬ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਕਾਬੂ ਕਰਕੇ ਰੱਖਣ ਅਤੇ ਕੁੱਝ ਟੀ ਵੀ ਚੈਨਲਾਂ ਵਾਲਿਆਂ ਸੰਬੰਧੀ ਚਲ ਰਹੀਆਂ ਕਿਆਸ ਅਰਾਈਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਉਹਨਾਂ ਦੀ ਜਾਣਕਾਰੀ ਵਿਚ ਨਹੀਂ ਹੈ| ਉਹਨਾਂ ਕਿਹਾ ਕਿ ਹਨੀਪ੍ਰੀਤ ਦੇ ਕਾਬੂ ਆ ਜਾਣ ਤੋਂ ਬਾਅਦ ਪੰਚਕੂਲਾ ਪੁਲੀਸ ਨੂੰ ਇਸ ਮਾਮਲੇ ਵਿਚ ਹੁਣ ਤੱਕ ਅਣਸੁਲਝੇ ਤਮਾਮ ਸਵਾਲਾਂ ਦੇ ਜਵਾਬ ਹਾਸਿਲ ਹੋ ਜਾਣਗੇ| ਉਹਨਾਂ ਕਿਹਾ ਕਿ ਪੁਲੀਸ ਵੱਲੋਂ ਹਨਪ੍ਰੀਤ ਨੂੰ ਜਾਂਚ ਕੇਂਦਰ ਵਿਚ ਲਿਜਾਇਆ ਗਿਆ ਹੈ| ਜਿੱਥੇ ਉਸਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਪਿਛਲੇ 38 ਦਿਨਾਂ ਦੌਰਾਨ ਕਿਹੜੇ ਵਿਅਕਤੀਆਂ ਵੱਲੋਂ ਉਸਨੂੰ ਸ਼ਰਣ ਦਿਤੀ ਜਾਂਦੀ ਰਹੀ| ਇਸ ਤੋਂ ਇਲਾਵਾ ਇਸ ਗੱਲ ਦੀ ਵੀ ਜਾਂਚ ਕੀਤੀਜਾਵੇਗੀ ਕਿ ਹਨੀਪ੍ਰੀਤ ਇਸ ਦੌਰਾਨ ਕਿੱਥੇ ਕਿੱਥੇ ਰਹੀ ਹੈ ਅਤੇ ਕਿਹਨਾਂ ਲੋਕਾਂ ਨੂੰ ਮਿਲਦੀ ਰਹੀ ਹੈ|
ਜਿਕਰਯੋਗ ਹੈ ਕਿ ਪਿਛਲੇ 38 ਦਿਨਾਂ ਤੋਂ ਫਰਾਰ ਚਲ ਰਹੀ ਹਨੀਪ੍ਰੀਤ ਦਾ ਅੱਜ ਸਵੇਰੇ ਟੀ ਵੀ ਚੈਨਲ ਤੇ ਵਿਸ਼ੇਸ਼ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਵਿਚ ਉਸਨੇ ਆਪਣੇ ਉੱਪਰ ਲੱਗੇ ਤਮਾਮ ਇਲਜਾਮ ਨੂੰ ਨਕਾਰਦਿਆਂ ਖੁਦ ਨੂੰ ਪੂਰੀ ਤਰ੍ਹਾਂ ਬੇਗੁਨਾਹ ਦੱਸਿਆ ਸੀ|

ਮੁਹਾਲੀ ਪੁਲੀਸ ਵੱਲੋਂ ਕਾਬੂ ਕੀਤੇ ਜਾਣ ਦੀ ਚਲਦੀ ਰਹੀ ਚਰਚਾ
ਇਸ ਦੌਰਾਨ ਸਾਰਾ ਦਿਨ ਮੀਡੀਆ ਵਿੱਚ ਇਹ ਚਰਚਾ ਜੋਰਾਂ ਨਾਲ ਚੱਲਦੀ ਰਹੀ ਕਿ ਹਨੀਪ੍ਰੀਤ ਨੂੰ ਮੁਹਾਲੀ ਪੁਲੀਸ ਵਲੋਂ ਕਾਬੂ ਕਰਕੇ ਬਾਅਦ ਵਿੱਚ ਹਰਿਆਣਾ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ| ਇਸ ਸਬੰਧੀ ਵੱਖ ਵੱਖ ਟੀ. ਵੀ. ਚੈਨਲਾਂ ਤੇ ਬ੍ਰੇਕਿੰਗ ਨਿਊਜ ਵੀ ਪ੍ਰਸਾਰਿਤ ਕੀਤੀ ਜਾ ਰਹੀ ਸੀ ਪਰੰਤੂ ਮੁਹਾਲੀ ਪੁਲੀਸ ਦੇ ਅਧਿਕਾਰੀ ਅਜਿਹੀ ਕਿਸੇ ਕਾਰਵਾਈ ਤੋਂ ਸਾਫ ਇਨਕਾਰ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਵੀ ਹੈਰਾਨ ਹਨ ਕਿ ਟੀ. ਵੀ. ਚੈਨਲਾਂ ਤੋਂ ਮੁਹਾਲੀ ਪੁਲੀਸ ਵਲੋਂ ਹਨੀਪ੍ਰੀਤ ਨੂੰ ਕਾਬੂ ਕਰਕੇ ਹਰਿਆਣਾ ਪੁਲੀਸ ਦੇ ਹਵਾਲੇ ਕਰਨ ਦੀ ਗੱਲ ਕਿਉਂ ਪ੍ਰਸਾਰਿਤ ਹੋ ਰਹੀ ਹੈ|

Leave a Reply

Your email address will not be published. Required fields are marked *