ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਨੋਟਿਫਿਕੇਸ਼ਨ ਜਾਰੀ

ਨਵੀਂ ਦਿੱਲੀ, 14 ਜੂਨ (ਸ.ਬ.) ਰਾਸ਼ਟਰਪਤੀ ਚੋਣਾਂ ਦੇ ਨਾਮਜ਼ਦ ਦਾਖਲ ਕਰਨ ਲਈ ਚੋਣ ਕਮਿਸ਼ਨ ਨੇ ਅੱਜ ਨੋਟਿਫਿਕੇਸ਼ਨ ਜਾਰੀ ਕਰ ਦਿੱਤੀ| ਚੋਣ ਅਧਿਕਾਰੀ ਅਨੂਪ ਮਿਸ਼ਰਾ ਵੱਲੋਂ ਜਾਰੀ ਨੋਟਿਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ| ਵਿਰੋਧੀ ਪਾਰਟੀਆਂ ਦੀ 10 ਮੈਂਬਰੀ ਉਪ-ਕਮੇਟੀ ਵਿੱਚ ਕਾਂਗਰਸ, ਜੇ.ਡੀ.ਯੂ., ਐਨ.ਸੀ.ਪੀ., ਆਰ.ਜੇ.ਡੀ. ਸੀ.ਪੀ.ਐਮ. ਸਮੇਤ ਕਈ ਦਲਾਂ ਦੇ ਨੇਤਾ ਸ਼ਾਮਲ ਹਨ| ਨੋਟਿਫਿਕੇਸ਼ਨ ਅਨੁਸਾਰ ਨਾਮਜ਼ਦ ਦੀ ਪ੍ਰਕਿਰਿਆ 28 ਜੂਨ ਤੋਂ ਪਹਿਲਾਂ ਪੂਰੀ ਹੋ ਜਾਵੇਗੀ| ਨਾਮਜ਼ਦ ਪੱਤਰ ਦੀ ਜਾਂਚ 29 ਜੂਨ ਨੂੰ ਹੋਵੇਗੀ ਅਤੇ ਚੋਣਾਂ 17 ਜੁਲਾਈ ਨੂੰ ਕਰਵਾਈਆਂ ਜਾਣਗੀਆਂ|
ਐਨ.ਡੀ.ਏ. ਅਤੇ ਵਿਰੋਧੀ ਧਿਰ ਨੇ ਹੁਣ ਤੱਕ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ| ਇਸ ਮਾਮਲੇ ਤੇ ਲੰਬੇ ਸਮੇਂ ਤੋਂ ਚੁੱਪੀ ਰੱਖਣ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਐਮ. ਵੈਂਕਈਆ ਨਾਇਡੂ ਸ਼ਾਮਲ ਹਨ| ਨਾਇਡੂ ਨੇ ਕਿਹਾ ਕਿ ਪਾਰਟੀ ਦੇ ਅੰਦਰ ਉਮੀਦਵਾਰ ਦੇ ਨਾਂ ਤੇ ਚਰਚਾ ਜਾਰੀ ਹੈ| ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਤੇ ਰਾਜਨਾਥ ਸਿੰਘ ਨਾਲ ਵੀ ਗੱਲ ਕੀਤੀ ਗਈ ਹੈ| ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ|

Leave a Reply

Your email address will not be published. Required fields are marked *