ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ, 25 ਮਈ (ਸ.ਬ.) ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ| ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ 17ਵੀਂ ਲੋਕ ਸਭਾ ਲਈ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਲਿਸਟ ਸੌਂਪੀ ਦਿੱਤੀ ਹੈ|
ਮੌਜੂਦਾ ਕੇਂਦਰੀ ਕੈਬਨਿਟ ਵਲੋਂ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਰਾਸ਼ਟਰਪਤੀ ਤੋਂ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸਤੋਂ ਬਾਅਦ ਰਾਸ਼ਟਰਪਤੀ ਨੇ ਕੈਬਨਿਟ ਦੀ ਸਲਾਹ ਨੂੰ ਮਨਜ਼ੂਰ ਕਰ ਕੇ ਲੋਕ ਸਭਾ ਨੂੰ ਭੰਗ ਕਰਨ ਦੇ ਆਦੇਸ਼ ਤੇ ਹਸਤਾਖਰ ਕਰ ਦਿੱਤੇ|
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪ੍ਰੀਸ਼ਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਮੂਹਿਕ ਅਸਤੀਫਾ ਸੌਂਪ ਦਿੱਤਾ| ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸਮੇਤ ਮੰਤਰੀ ਪਰੀਸ਼ਦ ਦਾ ਅਸਤੀਫਾ ਮਨਜ਼ੂਰ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਬਣਨ ਤਕ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਹੈ|
ਜਿਕਰਯੋਗ ਹੈ ਕਿ ਚੋਣਾਂ ਦੌਰਾਨ ਇਕੱਲੀ ਭਾਜਪਾ ਨੇ 303 ਸੀਟਾਂ ਜਿੱਤੀਆਂ ਹਨ ਜਦਕਿ ਐਨ. ਡੀ. ਏ. ਨੂੰ 349 ਸੀਟਾਂ ਮਿਲੀਆਂ ਹਨ| 17ਵੀਂ ਲੋਕ ਸਭਾ ਦਾ ਗਠਨ 3 ਜੂਨ ਤੋਂ ਪਹਿਲਾਂ ਕੀਤਾ ਜਾਣਾ ਹੈ|

Leave a Reply

Your email address will not be published. Required fields are marked *