ਰਾਸ਼ਟਰਮੰਡਲ ਖੇਡਾਂ : ਆਖਰੀ 7 ਸਕਿੰਟਾਂ ਵਿੱਚ ਪਾਕਿਸਤਾਨ ਨੇ ਭਾਰਤ ਤੋਂ ਖੋਹੀ ਜਿੱਤ, ਮੈਚ 2-2 ਨਾਲ ਡਰਾਅ

ਗੋਲਡ ਕੋਸਟ, 7 ਅਪ੍ਰੈਲ (ਸ.ਬ.) 21ਵੀਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਕੀ ਮੁਕਾਬਲਾ 2-2 ਨਾਲ ਬਰਾਬਰੀ ਤੇ ਖਤਮ ਹੋਇਆ| ਪਾਕਿਸਤਾਨ ਨੇ ਖੇਡ ਦੇ ਆਖਰੀ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਮੁਕਾਬਲੇ ਨੂੰ ਬਰਾਬਰੀ ਤੇ ਲਿਆ ਦਿੱਤਾ| ਹਾਲਾਂਕਿ ਇਸ ਮੁਕਾਬਲੇ ਵਿੱਚ ਬਿਹਤਰੀਨ ਖੇਡ ਦਿਖਾਉਣ ਦੇ ਬਾਵਜੂਦ ਅੰਤਿਮ ਪਲਾਂ ਵਿੱਚ ਇਕ ਭੁੱਲ ਭਾਰਤ ਤੇ ਭਾਰੀ ਪਈ| ਇਸ ਮੁਕਾਬਲੇ ਵਿੱਚ ਭਾਰਤ ਨੇ ਸ਼ੁਰੂਆਤ ਤੋਂ ਹੀ ਜ਼ੋਰਦਾਰ ਹਮਲੇ ਕੀਤੇ| ਭਾਰਤ ਵੱਲੋਂ ਪਹਿਲਾ ਗੋਲ 13ਵੇਂ ਮਿੰਟ ਵਿੱਚ 18 ਸਾਲ ਦੇ ਦਿਲਪ੍ਰੀਤ ਸਿੰਘ ਨੇ ਕੀਤਾ| ਰਾਸ਼ਟਰਮੰਡਲ ਖੇਡਾਂ ਵਿੱਚ ਇਹ ਉਨ੍ਹਾਂ ਦਾ ਪਹਿਲਾ ਗੋਲ ਸੀ| ਇਸਦੇ ਬਾਅਦ ਦੂਜਾ ਗੋਲ ਪੈਨਲਟੀ ਕਾਰਨਰ ਉਤੇ ਹਰਮਨਪ੍ਰੀਤ ਸਿੰਘ ਨੇ 19ਵੇਂ ਮਿੰਟ ਵਿੱਚ ਕੀਤਾ| ਪਾਕਿਸਤਾਨ ਵਲੋਂ ਮੁਹੰਮਦ ਇਰਫਾਨ ਜੂਨੀਅਰ ਨੇ 38ਵੇਂ ਮਿੰਟ ਵਿੱਚ ਗੋਲ ਕੀਤਾ| ਇਸ ਤੋਂ ਇਲਾਵਾ 60ਵੇਂ ਮਿੰਟ ਵਿੱਚ ਅਲੀ ਮੁਬਾਸ਼ਰ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਪਾਕਿਸਤਾਨ ਦੀ ਇੱਜ਼ਤ ਬਚਾਈ|
ਪਾਕਿਸਤਾਨ ਦੀ ਟੀਮ ਨੇ ਇਸ ਗੋਲ ਰਾਹੀਂ ਮੁਕਾਬਲੇ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ| ਚੌਥੇ ਕੁਆਰਟਰ ਵਿੱਚ ਪਾਕਿਸਤਾਨ ਦੀ ਲੈਫਟ ਵਿੰਗ ਵਲੋਂ ਜ਼ੋਰਦਾਰ ਹਮਲੇ ਵੀ ਕੀਤੇ ਗਏ| ਭਾਰਤੀ ਟੀਮ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ| ਸਾਹਾਂ ਰੋਕ ਦੇਣ ਵਾਲੇ ਇਸ ਮੁਕਾਬਲੇ ਦੇ ਆਖਰੀ ਸਤ ਸਕਿੰਟਾਂ ਵਿੱਚ ਪਾਕਿਸਤਾਨ ਨੇ ਪੈਨਲਟੀ ਕਾਰਨਰ ਰਾਹੀਂ ਸਕੋਰ ਨੂੰ ਬਰਾਬਰੀ ਤੇ ਲਿਆ ਦਿੱਤਾ| ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲਿਆਂ ਦਾ ਇੱਕ ਵੱਖ ਇਤਿਹਾਸ ਰਿਹਾ ਹੈ| ਇਹ ਸਿਰਫ ਮੈਚ ਨਹੀਂ, ਸਗੋਂ ਇੱਥੇ ਦੋਨਾਂ ਦੇਸ਼ਾਂ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ| ਇਸ ਮੁਕਾਬਲੇ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ|

Leave a Reply

Your email address will not be published. Required fields are marked *