ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ, 11 ਅਕਤੂਬਰ (ਸ.ਬ.) ਪੰਜਾਬ ਸਰਕਾਰ ਨੇ ਅੱਜ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ 23 ਖਿਡਾਰੀਆਂ ਦਾ ਸਨਮਾਨ ਕੀਤਾ| ਇਨ੍ਹਾਂ ਖਿਡਾਰੀਆਂ ਨੇ ਇਸ ਸਾਲ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਤਗਮੇ ਜਿੱਤੇ ਸੀ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ|
ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਦੋ ਸੋਨੇ, ਤਿੰਨ ਚਾਂਦੀ ਤੇ ਤਿੰਨ ਕਾਂਸੀ ਦੇ ਤਗਮੇ ਤੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨੇ, ਦੋ ਚਾਂਦੀ ਤੇ ਦੋ ਕਾਂਸੀ ਦੇ ਤਗਮੇ ਜਿੱਤੇ ਸਨ| ਇਸ ਵਾਰ ਨਵੀਂ ਖੇਡ ਨੀਤੀ ਅਨੁਸਾਰ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ 3 ਗੁਣਾ ਵਧੀ ਹੋਈ ਇਨਾਮ ਰਾਸ਼ੀ ਦਿੱਤੀ ਗਈ|
ਪੰਜਾਬ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਾ ਜੇਤੂ ਨੂੰ ਕ੍ਰਮਵਾਰ 75 ਲੱਖ, 50 ਲੱਖ ਤੇ 40 ਲੱਖ ਰੁਪਏ ਤੇ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਾ ਜੇਤੂ ਨੂੰ ਕ੍ਰਮਵਾਰ 1 ਕਰੋੜ, 75 ਲੱਖ ਤੇ 50 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ ਹੈ|
ਇਸ ਮੌਕੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਤੇ ਚਾਂਦੀ ਤੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਨਿਸ਼ਾਨੇਬਾਜ਼ ਹਿਨਾ ਸਿੱਧੂ, ਰਾਸ਼ਟਰਮੰਡਲ ਖੇਡਾਂ ਵਿੱਚ ਹੀ ਸੋਨ ਤਗਮਾ ਜੇਤੂ ਬੈਡਮਿੰਟਨ ਖਿਡਾਰੀ ਪਰਨਵ ਚੋਪੜਾ, ਚਾਂਦੀ ਦਾ ਤਗਮਾ ਜੇਤੂ ਨੀਸ਼ਾਨੇਬਾਜ਼ ਅੰਜੁਮ ਮੋਦਗਿੱਲ ਤੇ ਵੇਟਲਿਫਟਰ ਪ੍ਰਦੀਪ ਸਿੰਘ ਤੇ ਕਾਂਸੇ ਦਾ ਤਗਮਾ ਜੇਤੂ ਅਥਲੀਟ ਨਵਜੀਤ ਕੌਰ ਢਿੱਲੋਂ ਤੇ ਵੇਟਲਿਫਟਰ ਵਿਕਾਸ ਠਾਕੁਰ ਦਾ ਸਨਮਾਨ ਕੀਤਾ|
ਇਸੇ ਤਰ੍ਹਾਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜੇਤੂ ਅਥਲੀਟ ਤਜਿੰਦਰਪਾਲ ਸਿੰਘ ਤੂਰ ਤੇ ਅਰਪਿੰਦਰ ਸਿੰਘ ਤੇ ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ, ਚਾਂਦੀ ਦਾ ਤਗਮਾ ਜੇਤੂ ਕਬੱਡੀ ਖਿਡਾਰਨ ਰਣਦੀਪ ਕੌਰ ਖਹਿਰਾ, ਹਾਕੀ ਖਿਡਾਰਨ ਗੁਰਜੀਤ ਕੌਰ ਤੇ ਰੀਨਾ ਖੋਖਰ ਤੇ ਕਾਂਸੇ ਦਾ ਤਗਮਾ ਜੇਤੂ ਰੋਇੰਗ ਖਿਡਾਰੀ ਭਗਵਾਨ ਸਿੰਘ ਤੇ ਪੁਰਸ਼ ਹਾਕੀ ਟੀਮ ਵਿੱਚ ਸ਼ਾਮਲ ਪੰਜਾਬ ਦੇ 9 ਖਿਡਾਰੀਆਂ ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਕ੍ਰਿਸ਼ਨ ਪਾਠਕ ਤੇ ਦਿਲਪ੍ਰੀਤ ਸਿੰਘ ਨੂੰ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ|

Leave a Reply

Your email address will not be published. Required fields are marked *